ਜੈਪੁਰ : ਈਡੀ ਦੀ ਰਾਜਸਥਾਨ ਇਕਾਈ ਮੰਗਲਵਾਰ ਨੂੰ ਰਾਬਰਟ ਵਾਡਰਾ ਤੋਂ ਪੁੱਛਗਿੱਛ ਕਰੇਗੀ। ਇਸ ਲਈ ਰਾਬਰਟ ਵਾਡਰਾ ਸੋਮਵਾਰ ਦੁਪਹਿਰੇ ਹੀ ਆਪਣੀ ਮਾਂ ਮੌਰੀਨ ਵਾਡਰਾ ਨਾਲ ਜੈਪੁਰ ਪੁੱਜ ਗਏ। ਉਹ ਹਵਾਈ ਅੱਡੇ ਤੋਂ ਸਿੱਧੇ ਰਾਜ ਮਹਿਲ ਪੈਲੇਸ ਹੋਟਲ ਪੁੱਜੇ ਤੇ ਇੱਥੇ ਕਾਨੂੰਨੀ ਮਾਹਿਰਾਂ ਨਾਲ ਚਰਚਾ ਕੀਤੀ।

ਜਾਣਕਾਰੀ ਅਨੁਸਾਰ ਰਾਬਰਟ ਵਾਡਰਾ ਮੰਗਲਵਾਰ ਨੂੰ ਜੈਪੁਰ ਸਥਿਤ ਖੇਤਰੀ ਈਡੀ ਦੇ ਹੈੱਡਕੁਆਰਟਰ 'ਚ ਪੇਸ਼ ਹੋਣਗੇ। ਈਡੀ ਰਾਬਰਟ ਵਾਡਰਾ ਦੀਆਂ ਕੰਪਨੀਆਂ ਵੱਲੋਂ ਬੀਕਾਨੇਰ ਦੀ ਮਹਾਜਨ ਫੀਲਡ ਫਾਇਰਿੰਗ ਰੇਂਜ 'ਚ ਜ਼ਮੀਨ ਖ਼ਰੀਦ ਮਾਮਲੇ 'ਚ ਪੁੱਛਗਿੱਛ ਕਰੇਗੀ। ਜ਼ਿਕਰਯੋਗ ਹੈ ਕਿ ਬੀਕਾਨੇਰ ਮਹਾਜਨ ਫੀਲਡ ਫਾਇਰਿੰਗ ਰੇਂਜ ਦੀਆਂ ਜ਼ਮੀਨਾਂ ਦੀ ਖ਼ਰੀਦਦਾਰੀ ਦੇ ਮਾਮਲੇ 'ਚ ਈਡੀ ਵੱਲੋਂ ਕੀਤੀ ਗਈ ਜਾਂਚ 'ਚ ਕਈ ਬੇਨਿਯਮੀਆਂ ਸਾਹਮਣੇ ਆਈਆਂ ਹਨ।

ਈਡੀ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਜ਼ਮੀਨਾਂ ਦੀ ਸੌਦੇਬਾਜ਼ੀ 'ਚ ਦਲਾਲ ਰਹੇ ਜੈਪ੍ਕਾਸ਼ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ। ਦਲਾਲ ਜੈਪ੍ਕਾਸ਼ ਦੀ ਗਿ੍ਫ਼ਤਾਰੀ ਤੇ ਜ਼ਮੀਨਾਂ ਦੀ ਸੌਦੇਬਾਜ਼ੀ 'ਚ ਸਾਹਮਣੇ ਆਈਆਂ ਬੇਨਿਯਮੀਆਂ ਤੋਂ ਬਾਅਦ ਈਡੀ ਨੇ ਸਬੰਧਿਤ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ।