ਨਵੀਂ ਦਿੱਲੀ: ਭਾਰਤ ’ਚ ਸਡ਼ਕ ਹਾਦਸਿਆਂ ਦੀ ਗਿਣਤੀ ਪ੍ਰੀ-ਕੋਰੋਨਾ ਕਾਲ ਦੀ ਤੁਲਨਾ ’ਚ ਬੀਤੇ ਸਾਲ ਕਮੀ ਰਹੀ ਪਰ ਮੌਤਾਂ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਗਿਆ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਦੇਸ਼ ਦੇ ਕੁੱਲ ਸਡ਼ਕ ਹਾਦਸਿਆਂ ’ਚੋਂ ਜ਼ਿਆਦਾਤਰ ਦੱਖਣੀ ਭਾਰਤ ਦੇ ਛੇ ਸੂਬਿਆਂ ਵਿਚ ਵਾਪਰੇ। ਚਾਰ ਉੱਤਰੀ ਭਾਰਤੀ ਪਹਾਡ਼ੀ ਸੂਬਿਆਂ ਵਿਚ ਇਹ ਗਿਣਤੀ ਕਾਫੀ ਘੱਟ ਰਹੀ।

41% ਸਡ਼ਕ ਹਾਦਸੇ ਤਾਮਿਲਨਾਡੂ, ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿਚ ਸਾਲ 2021 ’ਚ ਦਰਜ ਕੀਤੇ ਗਏ।

48,219 ਮਾਮਲਿਆਂ ਦੇ ਨਾਲ ਦੇਸ਼ ਵਿਚ ਸਡ਼ਕ ਹਾਦਸਿਆਂ ਦੀ ਸੂਚੀ ਵਿਚ ਮੱਧ ਪ੍ਰਦੇਸ਼ ਦੂਸਰੇ ਸਥਾਨ ’ਤੇ ਰਿਹਾ। ਇੱਥੇ ਕੁੱਲ ਗਿਣਤੀ ਦਾ ਲਗਪਗ 12 ਪ੍ਰਤੀਸ਼ਤ ਸਡ਼ਕ ਹਾਦਸੇ ਬੀਤੇ ਸਾਲ ਹੋਏ।

9,452 ਸਡ਼ਕ ਹਾਦਸੇ ਸਾਲ 2021 ’ਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਲੱਦਾਖ ਵਿਚ ਹੋਏ। ਇਨ੍ਹਾਂ ਵਿਚੋਂ ਸਭ ਤੋਂ ਵੱਧ 5402 ਹਾਦਸੇ ਜੰਮੂ-ਕਸ਼ਮੀਰ ਵਿਚ ਹੋਏ।

34,647 ਸਡ਼ਕ ਹਾਦਸੇ ਕਰਨਾਟਕ ’ਚ ਬੀਤੇ ਸਾਲ ਦਰਜ ਕੀਤੇ ਗਏ ਜੋ ਦੇਸ਼ ਵਿਚ ਤੀਸਰੀ ਸਭ ਤੋਂ ਵੱਡੀ ਗਿਣਤੀ ਹੈ।

55,682 ਸਡ਼ਕ ਹਾਦਸੇ ਤਾਮਿਲਨਾਡੂ ਵਿਚ ਬੀਤੇ ਸਾਲ ਹੋਏ। ਇਹ ਕਿਸੇ ਸੂਬੇ ਵਿਚ ਸਡ਼ਕ ਹਾਦਸਿਆਂ ਦੇ ਸਭ ਤੋਂ ਵੱਧ ਮਾਮਲੇ ਹਨ।

33,711 ਸਡ਼ਕ ਹਾਦਸੇ ਉੱਤਰ ਪ੍ਰਦੇਸ਼ ’ਚ ਦਰਜ ਕੀਤੇ ਗਏ। ਘੱਟ ਹਾਦਸਿਆਂ ਦੇ ਬਾਵਜੂਦ ਮੌਤਾਂ ਦਾ ਅੰਕਡ਼ਾ ਕਾਫੀ ਵੱਧ ਰਿਹਾ। ਇਥੇ 21,792 ਲੋਕਾਂ ਦੀ ਮੌਤ ਹੋਈ।

13% ਤੋਂ ਵੱਧ ਸਡ਼ਕ ਹਾਦਸੇ ਇਕੱਲੇ ਤਾਮਿਲਨਾਡੂ ਵਿਚ ਹੀ ਬੀਤੇ ਸਾਲ ਹੋਏ।

2.3% ਸਡ਼ਕ ਹਾਦਸੇ ਬਿਹਾਰ ਵਿਚ ਹੋਏ। ਇੱਥੇ ਹਾਦਸਿਆਂ ਦੀ ਗਿਣਤੀ 9553 ਰਹੀ।

4,728 ਸਡ਼ਕ ਹਾਦਸੇ ਝਾਰਖੰਡ ਵਿਚ ਬੀਤੇ ਸਾਲ ਹੋਏ ਪਰ ਯੂਪੀ ਵਾਂਗ ਇੱਥੇ ਵੀ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਜ਼ਖਮੀਆਂ ਤੋਂ ਵੱਧ ਰਹੀ। ਸਡ਼ਕ ਹਾਦਸਿਆਂ ਵਿਚ 3,513 ਲੋਕ ਮਾਰੇ ਗਏ।

4720 ਸਡ਼ਕ ਹਾਦਸੇ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਬੀਤੇ ਸਾਲ ਹੋਏ। ਦੇਸ਼ ਦੇ ਕੁੱਲ ਅੰਕਡ਼ਿਆਂ ਦਾ ਇਹ ਇਕ ਪ੍ਰਤੀਸ਼ਤ ਤੋਂ ਥੋਡ਼੍ਹਾ ਵੱਧ ਹੈ।

10,049 ਸਡ਼ਕ ਹਾਦਸੇ ਹਰਿਆਣਾ ’ਚ ਬੀਤੇ ਸਾਲ ਹੋਏ। ਕੁੱਲ ਸਡ਼ਕ ਹਾਦਸਿਆਂ ਵਿਚ ਸੂਬੇ ਦੀ ਭਾਈਵਾਲੀ ਲਗਪਗ 2.4 ਫੀਸਦੀ ਰਹੀ।

12,395 ਸਡ਼ਕ ਹਾਦਸੇ ਛੱਤੀਸਗਡ਼੍ਹ ’ਚ ਸਾਲ 2021 ’ਚ ਐੱਨਸੀਆਰਬੀ ਵੱਲੋਂ ਦਰਜ ਕੀਤੇ ਗਏ। ਇਹ ਕੁੱਲ ਹਾਦਸਿਆਂ ਦਾ ਤਿੰਨ ਪ੍ਰਤੀਸ਼ਤ ਤੋਂ ਕੁਝ ਵੱਧ ਹੈ।

1.5% ਹਿੱਸੇਦਾਰੀ ਦੇਸ਼ ਵਿਚ ਸਾਲ 2021 ’ਚ ਹੋਏ ਕੁੱਲ ਸਡ਼ਕ ਹਾਦਸਿਆਂ ਵਿਚ ਪੰਜਾਬ ਦੀ ਰਹੀ। ਇਥੇ 6,097 ਹਾਦਸੇ ਹੋਏ।

ਛੋਟੇ ਰਾਜ ਬਨਾਮ ਵੱਡੇ ਰਾਜ

ਐੱਨਸੀਆਰਬੀ ਦੀ ਤਾਜ਼ਾ ਰਿਪੋਰਟ ਦਾ ਅਧਿਐਨ ਕਰੀਏ ਤਾਂ ਸਾਫ਼ ਹੁੰਦਾ ਹੈ ਕਿ ਦੱਖਣੀ ਭਾਰਤ ਦੇ ਕੁਝ ਛੋਟੇ ਰਾਜਾਂ ਵਿਚ ਦੇਸ਼ ਦੇ ਹੋਰਾਂ ਵੱਡੇ ਰਾਜਾਂ ਦੀ ਤੁਲਨਾ ’ਚ ਸਡ਼ਕ ਹਾਦਸਿਆਂ ਦੀ ਗਿਣਤੀ ਕਾਫੀ ਵੱਧ ਹੈ। ਦੱਖਣੀ ਭਾਰਤੀ ਰਾਜ ਕੇਰਲ ਇਸ ਦੀ ਇਕ ਉਦਾਹਰਣ ਹੈ ਜਦਕਿ ਉਸ ਤੋਂ ਕਾਫੀ ਵੱਡੇ ਰਾਜ ਮਹਾਰਾਸ਼ਟਰ ਵਿਚ ਉਸ ਤੋਂ ਲਗਪਗ ਛੇ ਹਜ਼ਾਰ ਹਾਦਸੇ ਘੱਟ ਦਰਜ ਕੀਤੇ ਗਏ।

32.759 ਸਡ਼ਕ ਹਾਦਸੇ ਕੇਰਲ ਵਿਚ ਹੋਏ ਜਦਕਿ ਮਹਾਰਾਸ਼ਟਰ ਵਿਚ 26,598 ਹਾਦਸੇ ਹੋਏ।

21,315 ਸਡ਼ਕ ਹਾਦਸੇ ਤੇਲੰਗਾਨਾ ਵਿਚ ਹੋਏ ਜਦਕਿ ਖੇਤਰਫਲ ’ਚ ਉਸ ਤੋਂ ਕਿਤੇ ਵੱਡੇ ਰਾਜਸਥਾਨ ’ਚ 20,954 ਹਾਦਸੇ ਹੋਏ।

Posted By: Sandip Kaur