ਜਾਗਰਣ ਟੀਮ, ਦੇਹਰਾਦੂਨ : ਉੱਤਰਾਖੰਡ 'ਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਆਮ ਜਨਜੀਵਨ ਡਾਵਾਂਡੋਲ ਹੋ ਗਿਆ ਹੈ। ਬਦਰੀਨਾਥ ਤੇ ਕੇਦਾਰਨਾਥ ਹਾਈਵੇ ਦੇ ਨਾਲ ਹੀ ਪਿਥੌਰਗੜ੍ਹ ਤੇ ਚਮੌਲੀ 'ਚ ਚੀਨ ਸਰਹੱਦ ਨਾਲ ਜੋੜਨ ਵਾਲਾ ਰਾਹ ਮਲਬੇ ਕਾਰਨ ਬੰਦ ਹੋ ਗਿਆ ਹੈ। ਜ਼ਮੀਨੀ ਖਿਸਕਾਅ ਕਾਰਨ 200 ਤੋਂ ਜ਼ਿਆਦਾ ਸੰਪਰਕ ਮਾਰਗਾਂ 'ਤੇ ਆਵਾਜਾਈ ਪ੍ਰਭਾਵਿਤ ਹੋਈ ਹੈ ਤੇ 800 ਤੋਂ ਜ਼ਿਆਦਾ ਪਿੰਡਾਂ ਦਾ ਸੰਪਰਕ ਜ਼ਿਲ੍ਹਾ ਮੁੱਖ ਦਫਤਰਾਂ ਨਾਲ ਟੁੱਟ ਗਿਆ ਹੈ। ਗੜ੍ਹਵਾਲ 'ਚ ਗੰਗਾ, ਮੰਦਾਕਿਨੀ, ਅਲਕਨੰਦਾ ਤੇ ਕੁਮਾਊਂ 'ਚ ਗੋਮਤੀ, ਸਰਯੂ, ਗੋਰੀ ਤੇ ਕਾਲੀ ਨਦੀਆਂ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈਆਂ ਹਨ। ਹਰਿਦੁਆਰ ਤੇ ਰਿਸ਼ੀਕੇਸ਼ 'ਚ ਕਈ ਥਾਵਾਂ 'ਤੇ ਗੰਗਾ ਘਾਟ ਪਾਣੀ ਦੀ ਮਾਰ ਹੇਠ ਆ ਗਏ ਹਨ। ਨਦੀਆਂ ਦਾ ਭਿਆਨਕ ਰੂਪ ਵੇਖ ਕੇ ਕਈ ਸ਼ਹਿਰਾਂ ਦੇ ਕੰਢੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸ ਦੌਰਾਨ ਸ਼ੁੱਕਰਵਾਰ ਦੁਪਹਿਰ ਬਾਅਦ ਸ਼ੁਰੂ ਹੋਈ ਬਾਰਿਸ਼ ਸ਼ਨਿਚਰਵਾਰ ਨੂੰ ਵੀ ਜਾਰੀ ਰਹੀ। ਚਮੋਲੀ ਤੇ ਰੂਦਰਪ੍ਰਯਾਗ ਜ਼ਿਲਿ੍ਹਆਂ 'ਚ ਜ਼ਮੀਨੀ ਖਿਸਕਾਅ ਨਾਲ ਬਦਰੀਨਾਥ ਤੇ ਕੇਦਾਰਨਾਥ ਰਾਸ਼ਟਰੀ ਰਾਜਮਾਰਗ ਦੀ ਆਵਾਜਾਈ ਬੰਦ ਹੋ ਗਈ। ਹਾਲਾਂਕਿ ਗੰਗੋਤਰੀ ਤੇ ਯਮੂਨੋਤਰੀ ਮਾਰਗ 'ਤੇ ਆਵਾਜਾਈ ਜਾਰੀ ਹੈ। ਚਮੋਲੀ ਤੇ ਰੂਦਰਪ੍ਰਯਾਗ ਜ਼ਿਲਿ੍ਹਆਂ ਦੇ ਕਈ ਪਿੰਡਾਂ 'ਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਦੂਜੇ ਪਾਸੇ ਪਿਥੌਰਗੜ੍ਹ ਦਾ ਹੋਰ ਜ਼ਿਲਿ੍ਹਆਂ ਨਾਲੋਂ ਸੜਕ ਸੰਪਰਕ ਪੰਜ ਦਿਨਾਂ ਤੋਂ ਟੁੱਟਿਆ ਹੋਇਆ ਹੈ। ਪਿਥੌਰਗੜ੍ਹ 'ਚ ਚੀਨ ਦੀ ਸਰਹੱਦ ਨਾਲ ਲੱਗਣ ਵਾਲੇ 80 ਤੋਂ ਜ਼ਿਆਦਾ ਪਿੰਡਾਂ ਦਾ ਸੰਪਰਕ ਵੀ ਟੁੱਟ ਗਿਆ ਹੈ। ਰੂਦਰਪ੍ਰਯਾਗ 'ਚ ਬਾਰਿਸ਼ ਕਾਰਨ ਹੋਏ ਜ਼ਮੀਨੀ ਖਿਸਕਾਅ ਨਾਲ ਕੇਦਾਰਨਾਥ ਪੈਦਲ ਮਾਰਗ ਨੁਕਸਾਨਿਆ ਗਿਆ ਹੈ। ਪ੍ਰਸ਼ਾਸਨ ਨੇ ਇਸ ਮਾਰਗ 'ਤੇ ਆਵਾਜਾਈ ਰੋਕ ਦਿੱਤੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੌਸਮ ਸਾਫ ਹੋਣ 'ਤੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਹਰਿਦੁਆਰ 'ਚ ਆਸਥਾ ਪਥ ਘਾਟ, ਨਮਾਮਿ ਗੰਗੇ ਦੇ ਘਾਟ, ਕਨਖਲ ਤੇ ਚੰਡੀਘਾਟ ਸ਼ਮਸ਼ਾਨ ਘਾਟ ਪਾਣੀ 'ਚ ਡੁੱਬ ਚੁੱਕੇ ਹਨ। ਕਈ ਪਿੰਡਾਂ 'ਚ ਗੰਗਾ ਨਦੀ ਦਾ ਪਾਣੀ ਵੜ੍ਹ ਗਿਆ ਹੈ। ਖੇਤਾਂ 'ਚ ਕੰਮ ਕਰ ਰਹੇ 40 ਤੋਂ ਜ਼ਿਆਦਾ ਕਿਸਾਨ ਪਾਣੀ 'ਚ ਫਸ ਗਏ ਜਿਨ੍ਹਾਂ ਨੂੰ ਐੱਸਡੀਆਰਐੱਫ ਦੇ ਜਵਾਨਾ ਨੇ ਸੁਰੱਖਿਅਤ ਬਾਹਰ ਕੱਿਢਆ। ਇਸ ਦੌਰਾਨ ਚੰਪਾਵਤ 'ਚ ਸਬਜ਼ੀ ਲੈ ਕੇ ਪਿਥੌਰਗੜ੍ਹ ਜਾ ਰਹੇ ਇਕ ਵਾਹਨ 'ਤੇ ਪਹਾੜੀ ਤੋਂ ਡਿੱਗੇ ਪੱਥਰ ਨਾਲ ਉਸ 'ਚ ਸਵਾਰ ਸਬਜ਼ੀ ਕਾਰੋਬਾਰੀ ਦੀ ਮੌਤ ਹੋ ਗਈ, ਜਦਕਿ ਵਾਹਨ ਚਾਲਕ ਮਾਮੂਲੀ ਜ਼ਖ਼ਮੀ ਹੋ ਗਿਆ।