ਜੇਐੱਨਐੱਨ, ਰਾਮਨਗਰ : ਦੀਵਾਲੀ ਦਾ ਤਿਉਹਾਰ ਆਉਂਦੇ ਹੀ ਜੰਗਲ ’ਚ ਉੱਲੂਆਂ ਦੀ ਜਾਨ ’ਤੇ ਆਫ਼ਤ ਆ ਜਾਂਦੀ ਹੈ। ਹਰ ਸਾਲ ਦੀਵਾਲੀ ਦੇ ਮੌਕੇ ’ਤੇ ਤੰਤਰ ਸਾਧਨਾ ਤੇ ਸਿੱਧੀ ਪਾਉਣ ਲਈ ਉੱਲੂਆਂ ਦੀ ਬਲੀ ਦੇਣ ਸਬੰਧੀ ਅੰਧ-ਵਿਸ਼ਵਾਸ ਕਾਰਨ ਖ਼ਤਰੇ ’ਚ ਆਏ ਪੰਛੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਅਜਿਹੇ ’ਚ ਕਾਰਬੇਟ ਟਾਈਗਰ ਰਿਜ਼ਰਵ, ਰਾਜਾਜੀ ਨੈਸ਼ਨਲ ਪਾਰਕ, ਰਾਮਨਗਰ ਵਣ ਵਿਭਾਗ ਤੇ ਤਰਾਈ ਪੱਛਮੀ ਵਣ ਵਿਭਾਗ ਦੇ ਜੰਗਲਾਂ ’ਚ ਉੱਲੂਆਂ ਦੀ ਤਸਕਰੀ ਰੋਕਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਵਣ ਵਿਭਾਗਾਂ ’ਚ ਰੇਂਜ ਦੇ ਸਟਾਫ ਨੂੰ ਗਸ਼ਤ ਤੇਜ਼ ਕਰਨ ਤੇ ਉੱਲੂਆਂ ਦੀ ਮੌਜੂਦਗੀ ਵਾਲੀ ਥਾਂ ’ਚ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਤਸਕਰੀ ’ਚ ਮਿਲਣ ਵਾਲਿਆਂ ਖ਼ਿਲਾਫ ਜੰਗਲਾਤ ਸਖ਼ਤ ਕਾਰਵਾਈ ਕਰੇਗਾ।

ਅੰਧਵਿਸ਼ਵਾਸ ’ਚ ਦਿੰਦੇ ਹਨ ਉੱਲੂ ਦੀ ਬਲੀ

ਦਰਅਸਲ, ਦੀਵਾਲੀ ’ਤੇ ਕੁਝ ਲੋਕ ਅੰਧ-ਵਿਸ਼ਵਾਸ ਦੇ ਚੱਲਦਿਆਂ ਉੱਲੂ ਦੀ ਬਲੀ ਦੇ ਕੇ ਕਈ ਤਰ੍ਹਾਂ ਦੀਆਂ ਰਸਮਾਂ ਕਰਕੇ ਆਪਣੇ ਹਿੱਤ ਸਿੱਧੇ ਕਰਨ ਦਾ ਯਤਨ ਕਰਦੇ ਹਨ। ਇਸਤੋਂ ਇਲਾਵਾ ਕਈ ਲੋਕ ਉੱਲੂ ਨੂੰ ਫੜ ਕੇ ਦੀਵਾਲੀ ਦੇ ਦਿਨ ਮਾਂ ਲਕਸ਼ਮੀ ਦੇ ਨਾਲ ਉਸਦੀ ਪੂਜਾ ਵੀ ਕਰਦੇ ਹਨ। ਅਜਿਹੇ ’ਚ ਬਾਜ਼ਾਂ ’ਚ ਉੱਲੂਆਂ ਦੀ ਮੰਗ ਵੱਧ ਜਾਂਦੀ ਹੈ। ਜਿਸ ਨਾਲ ਜੰਗਲ ’ਚ ਤਸਕਰੀ ਦਾ ਖ਼ਤਰਾ ਵੱਧ ਜਾਂਦਾ ਹੈ, ਜਦਕਿ ਉੱਲੂਆਂ ਦੇ ਸ਼ਿਕਾਰ ਕਰਨ ’ਤੇ ਕਾਨੂੰਨੀ ਪਾਬੰਦੀ ਹੈ।

ਦੁਨੀਆ ਭਰ ਦੇ ਕਈ ਦੇਸ਼ਾਂ ’ਚ ਉੱਲੂ ਦੀ ਮਾਨਤਾ

ਵਿਸ਼ਵ ਭਰ ’ਚ ਸੰਸਕ੍ਰਿਤੀਆਂ ਦੇ ਲੋਕਾਚਾਰ ’ਚ ਉੱਲੂ ਪੰਛੀ ਨੂੰ ਭਾਵੇਂ ਹੀ ਅਸ਼ੁੱਭ ਮੰਨਿਆ ਜਾਂਦਾ ਹੋਵੇ, ਪਰ ਇਹ ਸੰਪਨਤਾ ਪ੍ਰਤੀਕ ਵੀ ਹੈ। ਯੂਨਾਨੀ ਮਾਨਤਾ ’ਚ ਇਸਦਾ ਸਬੰਧ ਕਲਾ ਅਤੇ ਕੌਸ਼ਲ ਦੀ ਦੇਵੀ ਏਥੇਨਾ ਨਾਲ ਮੰਨਿਆ ਗਿਆ ਹੈ ਤਾਂ ਜਾਪਾਨ ’ਚ ਇਸਨੂੰ ਦੇਵਤਿਆਂ ਦੇ ਸੰਦੇਸ਼ ਵਾਹਕ ਦੇ ਰੂਪ ’ਚ ਮਾਨਤਾ ਮਿਲੀ ਹੈ। ਭਾਰਤ ’ਚ ਹਿੰਦੂ ਮਾਨਤਾ ਅਨੁਸਾਰ ਇਹ ਧਨ ਦੀ ਦੇਵੀ ਲਕਸ਼ਮੀ ਦਾ ਵਾਹਨ ਹੈ। ਇਹੀ ਮਾਨਤਾ ਇਸਦੀ ਦੁਸ਼ਮਣ ਬਣ ਗਈ। ਦੀਵਾਲੀ ’ਤੇ ਉੱਲੂ ਦੀ ਤਸਕਰੀ ਵੱਧ ਜਾਂਦੀ ਹੈ, ਤੇ ਉੱਲੂ ਦੀ ਬਲੀ ਦੇਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।

Posted By: Ramanjit Kaur