ਜੇਐੱਨਐੱਨ, ਨਵੀਂ ਦਿੱਲੀ : ਕੀ ਇਸ ਸਾਲ ਅਮਰਨਾਥ ਯਾਤਰਾ ਹੋਵੇਗੀ? ਅਜੇ ਇਸ ਸਵਾਲ ਦਾ ਜਵਾਬ ਨਹੀਂ ਮਿਲਿਆ ਹੈ। ਸੁਪਰੀਮ ਕੋਰਟ ਨੇ ਅਮਰਨਾਥ ਯਾਤਰਾ ਦੇ ਮਾਮਲੇ 'ਚ ਦਖ਼ਲ ਦੇਣ ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਇਸ ਮਾਮਲੇ 'ਚ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਨੂੰ ਫ਼ੈਸਲਾ ਲੈਣਾ ਚਾਹੀਦਾ ਹੈ। ਪਟੀਸ਼ਨ 'ਚ ਕੋਰੋਨਾ ਨੂੰ ਦੇਖਦਿਆਂ ਅਮਰਨਾਥ ਯਾਤਰਾ 'ਤੇ ਰੋਕ ਲਾਉਣ ਤੇ ਲਾਈਵ ਦਰਸ਼ਨ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਜੰਮੂ-ਕਸ਼ਮੀਰ 'ਚ ਅਮਰਨਾਥ ਯਾਤਰਾ ਨੂੰ ਲੈ ਕੇ ਤਿਆਰੀਆਂ ਤੇਜ਼ ਹਨ। ਜੰਮੂ-ਕਸ਼ਮੀਰ ਪੁਲਿਸ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਯਾਤਰਾ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ 'ਚ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਯਾਤਰਾ 'ਤੇ ਆਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਖ਼ੁਦ ਨੂੰ ਫਿੱਟ ਰੱਖਣ ਲਈ ਰੋਜ਼ ਸਵੇਰੇ ਚਾਰ ਤੋਂ ਪੰਜ ਘੰਟੇ ਸੈਰ ਕਰਨ ਦੀ ਸਲਾਹ ਵੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਅਮਰਨਾਥ ਯਾਤਰਾ ਦੀ ਮਿਆਦ ਘੱਟ ਰੱਖੀ ਗਈ ਹੈ, ਨਾਲ ਹੀ ਸ਼ਰਧਾਲੂਆਂ ਨੂੰ ਪਵਿੱਤਰ ਗੁਫਾ 'ਚ ਧੂਫ ਤੇ ਅਗਰਬੱਤੀ ਦੀ ਮਨਜ਼ੂਰੀ ਨਹੀਂ ਹੋਵੇਗੀ।

Posted By: Harjinder Sodhi