ਨਵੀਂ ਦਿੱਲੀ (ਏਜੰਸੀ) : ਕੇਂਦਰੀ ਸੂੁਚਨਾ ਕਮਿਸ਼ਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸਾਲ 2010 ਤੋਂ 2017 ਤਕ ਗਊ ਹੱਤਿਆ ਦੇ ਸ਼ੱਕ 'ਚ ਮਾਰੇ ਗਏ ਲੋਕਾਂ ਬਾਰੇ ਆਰਟੀਆਈ ਤਹਿਤ ਮੰਗੀ ਗਈ ਜਾਣਕਾਰੀ ਦਾ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਹੈ। ਸਮੀਰ ਖ਼ਾਨ ਨੇ ਗ੍ਰਹਿ ਮੰਤਰਾਲੇ 'ਚ ਸੂਚਨਾ ਦਾ ਅਧਿਕਾਰ (ਆਰਟੀਆਈ) ਤਹਿਤ ਅਰਜ਼ੀ ਦਾਖ਼ਲ ਕੀਤੀ ਸੀ।

ਇਸ 'ਚ ਉਨ੍ਹਾਂ ਨੇ ਗਊ ਹੱਤਿਆ ਦੇ ਸ਼ੱਕ 'ਚ ਮਾਰੇ ਗਏ ਤੇ ਜ਼ਖਮੀ ਲੋਕਾਂ ਦੇ ਨਾਂ ਸਮੇਤ ਸੂਬਾਵਾਰ ਸੂਚੀ ਤੇ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੇ ਗਏ ਮੁਆਵਜ਼ੇ ਦੀ ਜਾਣਕਾਰੀ ਮੰਗੀ ਸੀ। ਮੰਤਰਾਲੇ ਨੇ ਉਨ੍ਹਾਂ ਦੀ ਅਰਜ਼ੀ 'ਤੇ ਤੈਅ ਸਮਾਂ ਹੱਦ ਖ਼ਤਮ ਹੋਣ ਦੇ ਬਾਵਜੂਦ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕੇਂਦਰੀ ਸੂੁਚਨਾ ਕਮਿਸ਼ਨਰ ਨੂੰ ਇਸ ਦੀ ਸ਼ਿਕਾਇਤ ਕਰਦੇ ਹੋਏ ਸੂਚਨਾ ਦੇਣ ਲਈ ਮੰਤਰਾਲੇ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ।

ਮੁੱਖ ਸੂਚਨਾ ਕਮਿਸ਼ਨਰ ਸੁਧੀਰ ਭਾਰਗਵ ਨੇ ਅਪੀਲ ਕਰਤਾ ਵੱਲੋਂ ਮੁਹੱਈਆ ਕਰਵਾਏ ਗਏ ਸਬੂਤਾਂ ਦੇ ਆਧਾਰ 'ਤੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਸੂਚਨਾ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਆਰਟੀਆਈ ਕਾਨੂੰਨ ਤਹਿਤ ਹਰ ਅਪੀਲ ਕਰਤਾ ਨੂੰ ਤੈਅ ਸਮੇਂ ਦੇ ਅੰਦਰ ਜਵਾਬ ਦੇਣਾ ਜ਼ਰੂਰੀ ਹੈ। ਕਮਿਸ਼ਨ ਨੇ ਕੇਂਦਰੀ ਲੋਕ ਸੂਚਨਾ ਦਫ਼ਤਰ, ਗ੍ਰਹਿ ਮੰਤਰਾਲੇ ਨੂੰ ਆਰਟੀਆਈ ਤਹਿਤ ਅਪੀਲ ਕਰਤਾ ਨੂੰ ਚਾਰ ਹਫ਼ਤਿਆਂ 'ਚ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਹੈ।