ਕੋਲਕਾਤਾ : ਪੱਛਮੀ ਬੰਗਾਲ ਦੇ ਹੜਤਾਲੀ ਜੂਨੀਅਰ ਡਾਕਟਰ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਵਾਰਤਾ ਨੂੰ ਤਿਆਰ ਹੋ ਗਏ ਹਨ ਪ੍ਰੰਤੂ ਉਨ੍ਹਾਂ ਦੀ ਸ਼ਰਤ ਹੈ ਕਿ ਇਹ ਗੱਲਬਾਤ ਬੰਦ ਕਮਰੇ ਵਿਚ ਨਾ ਹੋ ਕੇ ਜਨਤਕ ਸਥਾਨ 'ਤੇ ਮੀਡੀਆ ਦੇ ਸਾਹਮਣੇ ਹੋਵੇਗੀ।

ਐਤਵਾਰ ਨੂੰ ਨੀਲ ਰਤਨ ਸਰਕਾਰ (ਐੱਨਆਰਐੱਸ) ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਜਨਰਲ ਬਾਡੀ ਦੀ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ।

ਜਨਰਲ ਬਾਡੀ ਦੀ ਮੀਟਿੰਗ ਪਿੱਛੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅੰਦੋਲਨ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਕੀਤੀ ਗਈ ਟਿੱਪਣੀ ਭੁਲੇਖਾ ਪਾਊ ਹੈ। ਫਿਰ ਵੀ ਉਹ ਗੱਲਬਾਤ ਨੂੰ ਤਿਆਰ ਹਨ। ਮੁੱਖ ਮੰਤਰੀ ਸਥਾਨ ਤੈਅ ਕਰਨ। ਇਸ ਬੈਠਕ ਵਿਚ ਰਾਜ ਦੇ ਸਾਰੇ ਮੈਡੀਕਲ ਕਾਲਜਾਂ ਦੇ ਪ੍ਰਤੀਨਿਧ ਦਲਾਂ ਨੂੰ ਬੁਲਾਇਆ ਜਾਏ। ਇਹ ਮੀਟਿੰਗ ਮੀਡੀਆ ਦੀ ਮੌਜੂਦਗੀ ਵਿਚ ਹੋਵੇਗੀ। ਦੱਸਣਯੋਗ ਹੈ ਕਿ ਸਹਿਕਰਮੀ 'ਤੇ ਹਮਲੇ ਖ਼ਿਲਾਫ਼ ਜੂਨੀਅਰ ਡਾਕਟਰਾਂ ਦੀ ਹੜਤਾਲ ਐਤਵਾਰ ਨੂੰ ਛੇਵੇਂ ਦਿਨ ਵੀ ਜਾਰੀ ਰਹੀ।

ਜ਼ਿਕਰਯੋਗ ਹੈ ਕਿ ਰਾਜ ਵਿਚ ਜਾਰੀ ਅੜਿੱਕੇ ਦੇ ਦੂਰ ਹੋਣ ਦੇ ਆਸਾਰ ਤਦ ਨਜ਼ਰ ਆਏ ਜਦੋਂ ਅੰਦੋਲਨ ਕਰ ਰਹੇ ਡਾਕਟਰਾਂ ਨੇ ਕਿਹਾ ਸੀ ਕਿ ਉਹ ਪ੍ਰਦਰਸ਼ਨ ਖ਼ਤਮ ਕਰਨ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲਬਾਤ ਨੂੰ ਤਿਆਰ ਹਨ ਪ੍ਰੰਤੂ ਮੁਲਾਕਾਤ ਦੀ ਥਾਂ ਬਾਅਦ ਵਿਚ ਤੈਅ ਕਰਨਗੇ। ਇਸ ਤੋਂ ਪਹਿਲੇ ਉਨ੍ਹਾਂ ਨੇ ਰਾਜ ਸਕੱਤਰੇਤ ਵਿਚ ਬੈਨਰਜੀ ਨਾਲ ਮੀਟਿੰਗ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ ਅਤੇ ਇਸ ਦੀ ਥਾਂ ਉਨ੍ਹਾਂ ਤੋਂ ਅੜਿੱਕਾ ਖ਼ਤਮ ਕਰਨ ਨੂੰ ਲੈ ਕੇ ਖੁੱਲੀ ਚਰਚਾ ਲਈ ਐੱਨਆਰਐੱਸ ਮੈਡੀਕਲ ਕਾਲਜ ਹਸਪਤਾਲ ਆਉਣ ਨੂੰ ਕਿਹਾ ਸੀ ਪ੍ਰੰਤੂ ਸ਼ਨਿਚਰਵਾਰ ਦੇਰ ਰਾਤ ਜੂਨੀਅਰ ਡਾਕਟਰਾਂ ਦੇ ਸਾਂਝੇ ਫੋਰਮ ਨੇ ਪ੍ਰੈੱਸ ਕਾਨਫਰੰਸ ਬੁਲਾਈ। ਫੋਰਮ ਦੇ ਬੁਲਾਰੇ ਨੇ ਕਿਹਾ ਸੀ ਕਿ ਅਸੀਂ ਹਮੇਸ਼ਾ ਤੋਂ ਗੱਲਬਾਤ ਲਈ ਤਿਆਰ ਹਾਂ। ਜੇਕਰ ਮੁੱਖ ਮੰਤਰੀ ਇਕ ਹੱਥ ਵਧਾਏਗੀ ਤਾਂ ਅਸੀਂ 10 ਹੱਥ ਵਧਾਵਾਂਗੇ। ਅਸੀਂ ਇਸ ਅੜਿੱਕੇ ਦੇ ਖ਼ਤਮ ਹੋਣ ਦਾ ਇੰਤਜ਼ਾਰ ਕਰ ਰਹੇ ਹਾਂ। ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੇ ਕਿਹਾ ਸੀ ਕਿ ਉਹ ਬੈਠਕ ਲਈ ਪ੍ਰਸਤਾਵਿਤ ਸਥਾਨ ਨੂੰ ਲੈ ਕੇ ਆਪਣੇ ਸੰਗਠਨ ਦੇ ਫ਼ੈਸਲੇ ਦਾ ਇੰਤਜ਼ਾਰ ਕਰਨਗੇ।