ਨਵੀਂ ਦਿੱਲੀ (ਆਈਏਐੱਨਐੱਸ) : ਵੰਦਾ-ਦਿ-ਗਾਡ ਨਾਂ ਨਾਲ ਇਕ ਸੁਪਰ ਹੈਕਰ ਜਿਸ ਨੇ 2013 ਤੋਂ ਸਰਕਾਰਾਂ, ਨਿਗਮਾਂ ਤੇ ਵਿਅਕਤੀਆਂ ਦੇ 4800 ਵੈੱਬਸਾਈਟਾਂ ਨੂੰ ਹੈਕ ਕਰ ਕੇ ਨਸ਼ਟ ਕਰ ਦਿੱਤਾ ਹੈ। ਇਹ ਹੈਕਰ ਉਬਰਲੈਂਡੀਆ ਸ਼ਹਿਰ 'ਚ ਰਹਿਣ ਵਾਲਾ ਬ੍ਰਾਜ਼ੀਲ ਦਾ ਨਾਗਰਿਕ ਹੈ। ਇਜ਼ਰਾਈਲੀ ਸਾਈਬਰ ਸੁਰੱਖਿਆ ਫਰਮ ਚੈੱਕ ਪੁਆਇੰਟ ਦੇ ਖੋਜਕਾਰਾਂ ਨੇ ਕਿਹਾ ਕਿ ਉਨ੍ਹਾਂ ਭਵਿੱਖ ਦੀ ਕਾਰਵਾਈ ਲਈ ਲਾਅ ਇਨਫੋਰਸਮੈਂਟ ਏਜੰਸੀਆਂ ਨਾਲ ਇਸ ਮਾਮਲੇ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵੰਦਾ-ਦਿ-ਗਾਡ ਨਾਂ ਨਾਲ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਰਗਰਮੀਆਂ 2019 ਦੇ ਅੰਤ ਤੋਂ ਰੁਕੀਆਂ ਹੋਈਆਂ ਹਨ। 2013 ਤੋਂ ਦੁਨੀਆ ਭਰ 'ਚ ਸਰਕਾਰਾਂ ਨਾਲ ਸਬੰਧ ਕਈ ਅਧਿਕਾਰਿਤ ਵੈੱਬਸਾਈਟਾਂ ਨੂੰ ਇਕ ਹਮਲਾਵਰ ਵੱਲੋਂ ਹੈਕ ਕੀਤਾ ਗਿਆ ਤੇ ਉਸ ਨੂੰ ਨਸ਼ਟ ਕਰ ਦਿੱਤਾ ਗਿਆ। ਹਮਲਾਵਰ ਆਪਣੀ ਪਛਾਣ ਵੰਦਾ ਦਿ ਗਾਡ ਦੱਸਦਾ ਸੀ। ਹੈਕਰ ਨੇ ਕਈ ਦੇਸ਼ਾਂ ਦੀਆਂ ਸਰਕਾਰਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ 'ਚ ਬ੍ਰਾਜ਼ੀਲ, ਡੋਮੀਨਿਕਨ ਗਣਰਾਜ, ਤਿ੍ਨਿਦਾਦ ਤੇ ਟੋਬੈਗੋ, ਅਰਜਨਟੀਨਾ, ਥਾਈਲੈਂਡ, ਵਿਅਤਨਾਮ ਤੇ ਨਿਊਜ਼ੀਲੈਂਡ ਸ਼ਾਮਲ ਹੈ। ਚੈੱਕ ਪੁਆਇੰਟ ਨੇ ਕਿਹਾ ਕਿ ਨਸ਼ਟ ਵੈੱਬਸਾਈਟਾਂ 'ਤੇ ਛੱਡੇ ਗਏ ਸੰਦੇਸ਼ਾਂ 'ਚ ਕਿਹਾ ਜਾਂਦਾ ਸੀ ਕਿ ਹਮਲੇ ਸਰਕਾਰ ਵਿਰੋਧੀ ਭਾਵਨਾ ਤੋਂ ਪ੍ਰੇਰਿਤ ਹੈ। ਹਮਲਾ ਸਮਾਜਿਕ ਬੇਇਨਸਾਫ਼ੀ ਦਾ ਸਾਹਮਣਾ ਕਰਨ ਲਈ ਕੀਤਾ ਗਿਆ ਹੈ, ਜਿਨ੍ਹਾਂ ਦੇ ਬਾਰੇ ਹੈਕਰਾਂ ਦਾ ਮੰਨਣਾ ਸੀ ਕਿ ਇਹ ਸਰਕਾਰੀ ਭਿ੍ਸ਼ਟਾਚਾਰ ਦਾ ਨਤੀਜਾ ਹੈ।

ਵੰਦਾ-ਦਿ-ਗਾਡ ਨੇ ਸਿਰਫ ਸਰਕਾਰੀ ਵੈੱਬਸਾਈਟਾਂ ਨੂੰ ਹੀ ਨਿਸ਼ਾਨਾ ਨਹੀਂ ਬਣਾਇਆ ਬਲਕਿ ਆਮ ਵਿਅਕਤੀਆਂ, ਯੂਨੀਵਰਸਿਟੀਆਂ ਤੇ ਇੱਥੋਂ ਤਕ ਕਿ ਹਸਪਤਾਲਾਂ 'ਤੇ ਵੀ ਹਮਲੇ ਕੀਤੇ। ਇਕ ਮਾਮਲੇ 'ਚ ਹਮਲਾਵਰ ਨੇ ਨਿਊਜ਼ੀਲੈਂਡ ਦੇ 10 ਲੱਖ ਰੋਗੀਆਂ ਦੇ ਮੈਡੀਕਲ ਰਿਕਾਰਡ ਤਕ ਪਹੁੰਚ ਬਣਾਉਣ ਦਾ ਦਾਅਵਾ ਕੀਤਾ ਜੋ ਕਿ ਸਿਰਫ 200 ਡਾਲਰ (ਲਗਪਗ 15 ਹਜ਼ਾਰ ਰੁਪਏ) 'ਚ ਵਿਕਰੀ ਲਈ ਉਪਲਬਧ ਸੀ।