ਜੇਐੱਨਐੱਨ,ਨਵੀਂ ਦਿੱਲੀ: 26 ਜਨਵਰੀ ਦੀ ਤਰੀਕ ਭਾਰਤ ਲਈ ਬਹੁਤ ਖ਼ਾਸ ਹੈ। ਪੂਰੇ ਦੇਸ਼ ਨੂੰ ਇਸ ਦਿਨ ਦਾ ਇੰਤਜ਼ਾਰ ਰਹਿੰਦਾ ਹੈ। ਇਸ ਦਿਨ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ 'ਤੇ ਪ੍ਰੋਗਰਾਮ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਅਜਿਹੇ 'ਚ ਸਵਾਲ ਉੱਠਦਾ ਹੈ ਕਿ 26 ਜਨਵਰੀ ਇਕ ਰਾਸ਼ਟਰੀ ਤਿਉਹਾਰ ਕਿਉਂ ਹੈ? ਇਸ ਦਾ ਦੇਸ਼ ਦੀ ਅਜ਼ਾਦੀ ਨਾਲ ਲਿੰਕ ਕਿਉਂ ਹੈ? ਇਹ ਦਿਨ ਕਿਸ ਲਈ ਯਾਦ ਕੀਤਾ ਜਾਂਦਾ ਹੈ?

1. ਅਜ਼ਾਦੀ ਤੋਂ ਪਹਿਲਾਂ ਦੇਸ਼ ਬ੍ਰਟਿਸ਼ ਦਾ ਇਕ ਉੱਪਨਿਵੇਸ਼ ਸੀ। ਇਕ ਲੰਮੇ ਸੰਘਰਸ਼ ਤੋਂ ਬਾਅਦ ਦੇਸ਼ ਨੂੰ 15 ਅਗਸਤ,1947 ਨੂੰ ਅਜ਼ਾਦੀ ਪ੍ਰਾਪਤ ਹੋਈ ਤੇ 26 ਜਨਵਰੀ, 1950 ਨੂੰ ਇਸ ਦੇ ਸਵਿਧਾਨ ਨੂੰ ਲਾਗੂ ਕੀਤਾ ਗਿਆ। ਇਸ ਤੋਂ ਬਾਅਦ ਦੇਸ਼ ਇਕ ਲੋਕਤੰਤਰ ਦੇਸ਼ ਐਲਾਨਿਆ ਗਿਆ। ਇਸ ਲਈ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ।

2. ਅਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ.ਰਜਿੰਦਰ ਪ੍ਰਸਾਦ ਨੇ 26 ਜਨਵਰੀ,1950 ਨੂੰ 21 ਤੋਪਾਂ ਦੀ ਸਲਾਮੀ ਦੇ ਕੇ ਭਾਰਤ ਨੂੰ ਪੂਰਨ ਗਣਤੰਤਰ ਦੇਸ਼ ਐਲਾਨਿਆ ਸੀ।ਇਸ ਤੋਂ ਬਾਅਦ ਹਰ ਸਾਲ ਦੇਸ਼ 'ਚ ਇਸ ਦਿਨ ਨੂੰ ਗਣਤੰਤਰ ਦਿਵਸ ਦੇ ਰੂਪ 'ਚ ਮਨਾਏ ਜਾਣ ਦੀ ਪਰੰਪਰਾ ਸ਼ੁਰੂ ਹੋ ਗਈ। ਇਸ ਦਿਨ ਦੇਸ਼ 'ਚ ਰਾਸ਼ਟਰੀ ਛੁੱਟੀ ਰਹਿੰਦੀ ਹੈ।

3. ਦੇਸ਼ ਦੇ ਰਾਸ਼ਟਰਪਤੀ ਗਣਤੰਤਰ ਦਿਵਸ ਦੇ ਸਮਾਰੋਹ ਨੂੰ ਸੰਬੋਧਿਤ ਕਰਦੇ ਹਨ ਤੇ ਰਾਸ਼ਟਰੀ ਝੰਡਾ ਵੀ ਲਹਿਰਾਉਂਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ 'ਚ ਵੀ ਇਸ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ। ਭਾਰਤ 'ਚ ਦੋ ਰਾਸ਼ਟਰੀ ਤਿਉਹਾਰ ਮਨਾਏ ਜਾਂਦੇ ਹਨ -ਇਕ ਗਣਤੰਤਰ ਦਿਵਸ ਤੇ ਦੂਸਰਾ ਹੈ ਸੁਤੰਤਰਤਾ ਦਿਵਸ। ਸੁਤੰਤਰਤਾ ਦਿਵਸ ਮੌਕੇ ਦੇਸ਼ ਦੇ ਪ੍ਰਧਾਨਮੰਤਰੀ ਰਾਸ਼ਟਰੀ ਰਾਜਧਾਨੀ 'ਚ ਝੰਡਾ ਲਹਿਰਾਉਂਦੇ ਹਨ।

4. ਭਾਰਤੀ ਰਾਸ਼ਟਰੀ ਝੰਡੇ ਨੂੰ ਪਿੰਗਲੀ ਵੈਂਕਈਆ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ। ਪਿੰਗਲੀ ਨੇ ਜਿਸ ਝੰਡੇ ਨੂੰ ਸ਼ੁਰੂ ਵਿੱਚ ਡਿਜ਼ਾਇਨ ਕੀਤਾ ਸੀ, ਉਹ ਸਿਰਫ਼ ਦੋ ਰੰਗਾਂ ਦਾ ਸੀ, ਲਾਲ ਅਤੇ ਹਰਾ। ਉਨ੍ਹਾਂ ਨੇ ਇਹ ਝੰਡਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਬੇਜ਼ਵਾੜਾ ਸੈਸ਼ਨ ਵਿੱਚ ਭੇਟ ਕੀਤਾ। ਬਾਅਦ ਵਿੱਚ, ਗਾਂਧੀ ਜੀ ਦੇ ਸੁਝਾਅ 'ਤੇ, ਝੰਡੇ ਵਿੱਚ ਇੱਕ ਚਿੱਟੀ ਧਾਰੀ ਜੋੜ ਦਿੱਤੀ ਗਈ। ਬਾਅਦ ਵਿੱਚ ਚਰਖੇ ਦੀ ਥਾਂ ਅਸ਼ੋਕ ਚੱਕਰ ਨੂੰ ਰਾਸ਼ਟਰੀ ਚਿੰਨ੍ਹ ਵਜੋਂ ਸਥਾਨ ਮਿਲਿਆ।ਭਾਰਤੀ ਰਾਸ਼ਟਰੀ ਝੰਡੇ ਨੂੰ ਇਸ ਦੇ ਮੌਜੂਦਾ ਰੂਪ ਵਿੱਚ 22 ਜੁਲਾਈ 1947 ਨੂੰ ਹੋਈ ਭਾਰਤ ਦੀ ਸੰਵਿਧਾਨ ਸਭਾ ਦੀ ਮੀਟਿੰਗ ਦੌਰਾਨ ਅਪਣਾਇਆ ਗਿਆ ਸੀ। ਭਾਰਤ ਵਿੱਚ ਤਿਰੰਗੇ ਦਾ ਮਤਲਬ ਭਾਰਤੀ ਰਾਸ਼ਟਰੀ ਝੰਡਾ ਹੈ।

Posted By: Sarabjeet Kaur