ਜ.ਸ., ਨਵੀਂ ਦਿੱਲੀ : ਗਣਤੰਤਰ ਦਿਵਸ ਸਮਾਗਮ ਦੇ ਮੱਦੇਨਜ਼ਰ ਰਾਜਧਾਨੀ ’ਚ ਸੁਰੱਖਿਆ ਦੇ ਬੇਹੱਦ ਸਖ਼ਤ ਬੰਦੋਬਸਤ ਕੀਤੇ ਗਏ ਹਨ। ਦਿੱਲੀ ਪੁਲਿਸ, ਪੈਰਾ ਮਿਲਟਰੀ, ਐੱਨਐੱਸਜੀ, ਐੱਸਪੀਜੀ ਤੇ ਫ਼ੌਜ ਦੇ ਕਮਾਂਡੋਜ਼ ਤੋਂ ਇਲਾਵਾ ਸਾਰੀਆਂ ਕੇਂਦਰੀ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ਜ਼ਮੀਨ ਤੋਂ ਆਸਮਾਨ ਤਕ ਸੁਰੱਖਿਆ ਬਲਾਂ ਦੀ ਬਾਜ਼ ਅੱਖ ਰਹੇਗੀ।

ਮੰਗਲਵਾਰ ਰਾਤ 12 ਵਜੇ ਦਿੱਲੀ ਦੀਆਂ ਸਾਰੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ। ਚੰਗੀ ਤਰ੍ਹਾਂ ਤਲਾਸ਼ੀ ਲੈਣ ਤੋਂ ਬਾਅਦ ਸਿਰਫ਼ ਉਨ੍ਹਾਂ ਵਾਹਨਾਂ ਨੂੰ ਹੀ ਦਿੱਲੀ ’ਚ ਦਾਖ਼ਲ ਹੋਣ ਦੀ ਇਜਾਜ਼ਤ ਮਿਲੇਗੀ ਜਿਨ੍ਹਾਂ ਨੂੰ ਬਹੁਤ ਜ਼ਰੂਰੀ ਕੰਮ ਹੋਵੇਗਾ। ਸਾਰੀਆਂ ਹੱਦਾਂ ’ਤੇ ਵੱਡੀ ਗਿਣਤੀ ’ਚ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ।

ਦਿੱਲੀ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਆਹਲਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਆਪਣੇ-ਆਪਣੇ ਖੇਤਰ ’ਚ ਰਾਤ ਭਰ ਗਸ਼ਤ ਕਰਦੇ ਰਹਿਣ। ਨਵੀਂ ਦਿੱਲੀ, ਮੱਧ ਤੇ ਉੱਤਰੀ ਜ਼ਿਲ੍ਹੇ ਨੂੰ ਖਾਸ ਤੌਰ ’ਤੇ ਸੁਰੱਖਿਆ ਦੇ ਘੇਰੇ ’ਚ ਲਿਆ ਗਿਆ ਹੈ। ਰਾਜਪੱਥ, ਰਾਸ਼ਟਰਪਤੀ ਭਵਨ, ਇੰਡੀਆ ਗੇਟ ਤੋਂ ਇਲਾਵਾ ਲਾਲ ਕਿਲ੍ਹੇ ਤਕ ਅਲੱਗ-ਅਲੱਗ ਸੁਰੱਖਿਆ ਘੇਰਾ ਬਣਾਇਆ ਗਿਆ ਹੈ। ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਕਮਾਂਡੋਜ਼ ਵੱਖ-ਵੱਖ ਇਲਾਕਿਆਂ ’ਚ ਲਗਾਤਾਰ ਗਸ਼ਤ ਕਰ ਰਹੇ ਹਨ। ਸਵਾਟ ਟੀਮਾਂ ਨੂੰ ਹਰੇਕ ਤਰ੍ਹਾਂ ਦੀਆਂ ਹਾਲਤਾਂ ਨਾਲ ਨਜਿੱਠਣ ਲਈ ਕਈ ਅਹਿਮ ਥਾਵਾਂ ’ਤੇ ਮੁਸਤੈਦ ਕਰ ਦਿੱਤਾ ਗਿਆ ਹੈ।

ਪਰੇਡ ਵਾਲੇ ਰੂਟ ਦੇ ਦੋਵਾਂ ਪਾਸੇ ਸਾਰੀਆਂ ਉੱਚੀਆਂ ਇਮਾਰਤਾਂ ’ਤੇ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਰਾਜਪੱਥ ਤੋਂ ਲੈ ਕੇ ਲਾਲ ਕਿਲ੍ਹੇ ਤਕ ਅਲੱਗ-ਅਲੱਗ ਜ਼ੋਨ ਵੰਡ ਕੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। 28 ਹਜ਼ਾਰ ਸੁਰੱਖਿਆ ਮੁਲਾਜ਼ਮ ਸਿਰਫ਼ ਨਵੀਂ ਦਿੱਲੀ ’ਚ ਲਗਾਏ ਗਏ ਹਨ। ਸਾਰੀਆਂ ਸੰਵੇਦਨਸ਼ੀਲ ਥਾਵਾਂ ਤੋਂ ਇਲਾਵਾ ਪ੍ਰਮੁੱਖ ਬਾਜ਼ਾਰਾਂ, ਰੇਲਵੇ, ਮੈਟਰੋ ਸਟੇਸ਼ਨਾਂ ਤੇ ਧਾਰਮਿਕ ਥਾਵਾਂ ’ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ। ਪਰੇਡ ਵਾਲੇ ਮਾਰਗ ’ਚ ਵਿਜੇ ਚੌਕ ਤੋਂ ਇੰਡੀਆ ਗੇਟ ਤਕ 600 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਨ੍ਹਾਂ ’ਚ ਕਈ ਚਿਹਰਾ ਪਛਾਣਨ ਵਾਲੇ ਕੈਮਰੇ ਸ਼ਾਮਲ ਹਨ। ਜਿੱਥੋਂ-ਜਿੱਥੋਂ ਪਰੇਡ ਲੰਘੇਗੀ, ਉੱਥੇ ਕਮਾਂਡੋਜ਼ ਤਾਇਨਾਤ ਕੀਤੇ ਗਏ ਹਨ।

ਰਾਜਧਾਨੀ ਨੂੰ 30 ਸੈਕਟਰਾਂ ’ਚ ਵੰਡ ਕੇ ਸੁਰੱਖਿਆ ਦਾ ਜ਼ਿੰਮਾ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੌਂਪਿਆ ਗਿਆ ਹੈ। 71 ਡੀਸੀਪੀ ਤੇ ਅਡੀਸ਼ਨਲ ਡੀਸੀਪੀ ਪੱਧਰ ਦੇ ਅਧਿਕਾਰੀਆਂ ਨੂੰ ਸੁਰੱਖਿਆ ਵਿਵਸਥਾ ’ਚ ਲਗਾਇਆ ਗਿਆ ਹੈ। ਸੁਰੱਖਿਆ ਕਾਰਨਾਂ ਕਰ ਕੇ ਕੇਂਦਰੀ ਸਕੱਤਰੇਤ, ਪਟੇਲ ਚੌਕ, ਲੋਕਨਾਇਕ ਮਾਰਗ (ਰੇਸ ਕੋਰਸ) ਤੇ ਉਦਯੋਗ ਭਵਨ ਮੈਟਰੋ ਸਟੇਸ਼ਨ ਸਵੇਰੇ ਪੰਜ ਵਜੇ ਤੋਂ ਦੁਪਹਿਰ 12 ਵਜੇ ਤਕ ਬੰਦ ਰਹਿਣਗੇ।

ਨੈਸ਼ਨਲ ਸਟੇਡੀਅਮ ਤਕ ਹੀ ਜਾਵੇਗੀ ਪਰੇਡ

ਇਸ ਵਾਰ ਪਰੇਡ ਰਾਜਪੱਥ ਤੋਂ ਇੰਡੀਆ ਗੇਟ ਦੇ ਨੈਸ਼ਨਲ ਸਟੇਡੀਅਮ ਤਕ ਹੀ ਜਾਵੇਗੀ। ਸਮਾਗਮ ’ਚ ਵੀਵੀਆਈਪੀਜ਼ ਤੋਂ ਇਲਾਵਾ ਆਮ ਲੋਕਾਂ ’ਚ ਸਿਰਫ਼ ਉਨ੍ਹਾਂ ਨੂੰ ਹੀ ਦਾਖ਼ਲਾ ਦਿੱਤਾ ਜਾਵੇਗਾ ਜਿਨ੍ਹਾਂ ਕੋਲ ਸੱਦਾ ਪੱਤਰ ਤੇ ਪਾਸ ਹੋਣਗੇ। ਬਿਨਾਂ ਪਾਸ ਤੋਂ ਕੋਈ ਵੀ ਆਦਮੀ ਨਵੀਂ ਦਿੱਲੀ ’ਚ ਦਾਖ਼ਲ ਨਹੀਂ ਹੋ ਸਕੇਗਾ।

Posted By: Sunil Thapa