ਏਐਨਆਈ, ਕਾਠਮੰਡੂ : ਭਾਰਤ ਨੇ 71ਵੇਂ ਗਣਤੰਤਰ ਦਿਵਸ ਮੌਕੇ ਐਤਵਾਰ ਨੂੰ ਨੇਪਾਲ ਨੂੰ 30 ਐਂਬੁਲੈਂਸਾਂ ਅਤੇ ਛੇ ਬੱਸਾਂ ਤੋਹਫ਼ੇ ਦੇ ਰੂਪ ਵਿਚ ਦਿੱਤੀਆਂ। ਇਨ੍ਹਾਂ ਦੀ ਵਰਤੋਂ ਨੇਪਾਲ ਦੇ ਵੱਖ ਵੱਖ ਹਸਪਤਾਲਾਂ, ਗੈਰ ਲਾਭਕਾਰੀ ਧਾਰਮਕ ਸੰਗਠਨਾਂ ਅਤੇ ਵਿਦਿਅਕ ਅਦਾਰਿਆਂ ਵੱਲੋਂ ਕੀਤੀ ਜਾਵੇਗੀ। ਗਣਤੰਤਰ ਦਿਵਸ ਅੱਜ ਕਾਠਮੰਡੂ ਵਿਚ ਭਾਰਤ ਦੇ ਦੂਤਾਵਾਸ ਵਿਚ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾ ਕੇ ਹੋਈ। ਭਾਰਤ ਦੇ ਉਪ ਰਾਜਦੂਤ ਅਜੇ ਕੁਮਾਰ ਨੇ ਇਸ ਦੌਰਾਨ ਭਾਰਤੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਸੁਨੇਹਾ ਪੜ੍ਹ ਕੇ ਸੁਣਾਇਆ।

ਐਂਬੂਲੈਂਸ ਅਤੇ ਬੱਸਾਂ ਨੂੰ ਸਮਾਜਿਕ ਆਰਥਿਕ ਵਿਕਾਸ ਦੀ ਦਿਸ਼ਾ ਵਿਚ ਨੇਪਾਲ ਦੇ ਨਾਲ ਭਾਰਤ ਦੀ ਸਾਂਝੇਦਾਰੀ ਦੀ ਵਚਨਬੱਧਤਾ ਨੂੰ ਪ੍ਰਗਟਾਉਣ ਦਾ ਤੋਹਫਾ ਹੈ। ਭਾਰਤੀ ਦੂਤਾਵਾਸ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤੀ ਦੂਤਾਵਾਸ ਨੇ ਨੇਪਾਲ ਦੇ ਵੱਖ ਵੱਖ ਹਸਪਤਾਲਾਂ, ਗੈਰ ਲਾਭਕਾਰੀ ਧਾਰਮਕ ਸੰਗਠਨਾਂ ਅਤੇ ਵਿਦਿਅਕ ਅਦਾਰਿਆਂ ਨੂੰ 30 ਐਂਬੂਲੈਂਸਾਂ ਅਤੇ 6 ਬੱਸਾਂ ਦਿੱਤੀਆਂ ਹਨ। ਇਹ ਭਾਰਤ ਨੇਪਾਲ ਦੀ ਸਾਂਝੇਦਾਰੀ ਨੂੰ ਦਿਖਾਉਂਦਾ ਹੈ।

ਜ਼ਿਕਰਯੋਗ ਹੈ ਕਿ ਹਜ਼ਾਰਾਂ ਲੋਕਾਂ ਲਈ ਸਿਹਤ ਸੇਵਾਵਾਂ ਦੇ ਵਿਸਥਾਰ ਅਤੇ ਹਜ਼ਾਰਾਂ ਵਿਦਿਆਰਥੀਆਂ ਦੀਆਂ ਵਿਦਿਅਕ ਲੋੜਾਂ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਨੇ ਹੁਣ ਤਕ ਨੇਪਾਲ ਵਿਚ ਵੱਖ ਵੱਖ ਹਸਪਤਾਲਾਂ, ਧਾਰਮਕ ਸੰਗਠਨਾਂ ਅਤੇ 77 ਜ਼ਿਲ੍ਹਿਆਂ ਦੀਆਂ ਵਿਦਿਅਕ ਸੰਸਥਾਵਾਂ ਨੂੰ 782 ਐਂਬੂਲੈਂਸ ਅਤੇ 154 ਬੱਸਾਂ ਪ੍ਰਦਾਨ ਕੀਤੀਆਂ ਹਨ।

ਕੁਮਾਰ ਨੇ ਇਸ ਦੌਰਾਨ ਇਕ ਬਹਾਦਰ ਔਰਤ, ਅੱਠ ਵਿਧਵਾਵਾਂ ਅਤੇ ਮ੍ਰਿਤਕ ਸੈਨਿਕਾਂ ਦੇ ਪੰਜ ਨੇੜਲੇ ਸਬੰਧੀਆਂ ਨੂੰ ਉਨ੍ਹਾਂ ਦੀ ਬਕਾਇਆ ਰਾਸ਼ੀ 5.97 ਕਰੋੜ ਨੇਪਾਲੀ ਰੁਪਏ ਅਤੇ ਹਰ ਇਕ ਨੂੰ ਕੰਬਲ ਦੇ ਕੇ ਸਨਮਾਨਿਤ ਕੀਤਾ। ਦੂਤਾਵਾਸ ਨੇ ਨੇਪਾਲ ਦੇ ਸਾਰੇ ਰਾਜਾਂ ਵਿਚ ਫੈਲੀਆਂ 51 ਲਾਇਬ੍ਰੇਰੀਆਂ ਅਤੇ ਸਕੂਲਾਂ ਨੂੰ ਕਿਤਾਬਾਂ ਭੇਂਟ ਕੀਤੀਆਂ।

Posted By: Tejinder Thind