ਸਟੇਟ ਬਿਊਰੋ, ਕੋਲਕਾਤਾ : ਪ੍ਰਸਿੱਧ ਪਰਮਾਣੂ ਵਿਗਿਆਨੀ ਅਤੇ ਪਰਮਾਣੂ ਊਰਜਾ ਕਮਿਸ਼ਨ ਦੇ ਸਾਬਕਾ ਪ੍ਰਧਾਨ ਡਾ. ਸ਼ੇਖਰ ਬਸੂ ਦਾ ਕੋਰੋਨਾ ਕਾਰਨ ਵੀਰਵਾਰ ਨੂੰ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ਵਿਚ ਦੇਹਾਂਤ ਹੋ ਗਿਆ। ਪਦਮਸ਼੍ਰੀ ਡਾ. ਸ਼ੇਖਰ ਬਸੂ 68 ਸਾਲ ਦੇ ਸਨ। ਉਨ੍ਹਾਂ ਦੇ ਦੇਹਾਂਤ 'ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੁੱਖ ਪ੍ਰਗਟਾਇਆ ਹੈ। ਮਮਤਾ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਦੇ ਬਾਰੇ ਵਿਚ ਸੁਣ ਕੇ ਦੁੱਖ ਹੋਇਆ ਹੈ। ਉਨ੍ਹਾਂ ਦੇ ਪਰਿਵਾਰ ਅਤੇ ਸਹਿਯੋਗੀਆਂ ਪ੍ਰਤੀ ਹਮਦਰਦੀ ਪ੍ਰਗਟ ਕਰਦੀ ਹਾਂ।

ਸੂਬਾ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਡਾ. ਬਸੂ ਕੋਰੋਨਾ ਅਤੇ ਕਿਡਨੀ ਸਬੰਧੀ ਬਿਮਾਰੀ ਨਾਲ ਪੀੜਤ ਸਨ। ਵੀਰਵਾਰ ਸਵੇਰੇ 4.50 ਵਜੇ ਉਨ੍ਹਾਂ ਦੇ ਦੇਹਾਂਤ ਹੋ ਗਿਆ। ਮੈਕੇਨੀਕਲ ਇੰਜੀਨੀਅਰ ਰਹੇ ਡਾ. ਬਸੂ ਨੂੰ ਦੇਸ਼ ਦੇ ਪਰਮਾਣੂ ਊਰਜਾ ਪ੍ਰਰੋਗਰਾਮ ਵਿਚ ਉਨ੍ਹਾਂ ਦੇ ਯੋਗਦਾਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ 2014 ਵਿਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਦੇਸ਼ ਦੀ ਪਰਮਾਣੂ ਊਰਜਾ ਨਾਲ ਸੰਚਾਲਿਤ ਪਹਿਲੀ ਪਣਡੁੱਬੀ ਆਈਐੱਨਐੱਸ ਅਰੀਹੰਤ ਲਈ ਬੇਹੱਦ ਮੁਸ਼ਕਲ ਰਿਐਕਟਰ ਦੇ ਨਿਰਮਾਣ 'ਚ ਬਸੂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ।