ਜਾਗਰਣ ਟੀਮ, ਕਿਸ਼ਤਵਾੜ : ਜੰਮੂ ਡਵੀਜ਼ਨ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਕਰੀਬ ਨੌਂ ਮਹੀਨਿਆਂ ਬਾਅਦ ਮੁੜ ਅੱਤਵਾਦੀ ਬਿੜਕ ਆਈ ਹੈ। ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਕਿਸ਼ਤਵਾੜ ਤੋਂ 18 ਕਿਲੋਮੀਟਰ ਦੂਰ ਡੇਡਪੈਠ ਪਿੰਡ 'ਚ ਪੁਲਿਸ ਦੇ ਵਾਹਨ 'ਤੇ ਗੇ੍ਨੇਡ ਨਾਲ ਹਮਲਾ ਕੀਤਾ। ਚੰਗੀ ਗੱਲ ਇਹ ਰਹੀ ਕਿ ਇਸ ਹਮਲੇ 'ਚ ਸਾਰੇ ਪੁਲਿਸ ਮੁਲਾਜ਼ਮ ਵਾਲ-ਵਾਲ ਬਚ ਗਏ। ਸਿਰਫ ਇਕ ਜਵਾਨ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸ ਨੂੰ ਜ਼ਿਲ੍ਹਾ ਹਸਪਤਾਲ 'ਚ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਜਾਣਕਾਰੀ ਅਨੁਸਾਰ, ਦੁਪਹਿਰ ਕਰੀਬ ਡੇਢ ਵਜੇ ਪੁਲਿਸ ਦੀ ਇਕ ਜਿਪਸੀ ਕਿਸ਼ਤਵਾੜ ਤੋਂ ਛਾਤਰੂ ਇਲਾਕੇ ਵੱਲ ਜਾ ਰਹੀ ਸੀ। ਇਸ 'ਚ ਇੰਸਪੈਕਟਰ ਰੈਂਕ ਦੇ ਇਕ ਅਧਿਕਾਰੀ ਸਮੇਤ ਕਰੀਬ ਚਾਰ ਪੁਲਿਸ ਮੁਲਾਜ਼ਮ ਸਵਾਰ ਸਨ। ਪੁਲਿਸ ਜਿਪਸੀ ਜਦੋਂ ਡੇਡਪੈਠ ਪਿੰਡ 'ਚ ਪੁੱਜੀ ਤਾਂ ਪਹਿਲਾਂ ਤੋਂ ਉੱਚੀ ਜਗ੍ਹਾ 'ਤੇ ਲੁਕੇ ਅੱਤਵਾਦੀਆਂ ਨੇ ਗ੍ਰੇਨੇਡ ਸੁੱਟਿਆ। ਗ੍ਰੇਨੇਡ ਵਾਹਨ ਤੋਂ ਕੁਝ ਦੂਰੀ 'ਤੇ ਜਾ ਕੇ ਡਿੱਗਿਆ ਤੇ ਧਮਾਕੇ ਨਾਲ ਫਟ ਗਿਆ। ਇਸ 'ਚ ਇਕ ਪੁਲਿਸ ਮੁਲਾਜ਼ਮ ਨੂੰ ਛਰੇ ਲੱਗੇ, ਬਾਕੀ ਸਾਰੇ ਵਾਲ-ਵਾਲ ਬਚ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਐੱਸਪੀ ਡਾ. ਹਰਮੀਤ ਸਿੰਘ ਮਹਿਤਾ ਤੇ ਫ਼ੌਜ ਦੇ ਅਧਿਕਾਰੀ ਮੌਕੇ 'ਤੇ ਪੁੱਜ ਗਏ। ਇਸ ਤੋਂ ਬਾਅਦ ਪੂਰੇ ਇਲਾਕੇ ਨੂੰ ਘੇਰ ਕਰ ਦੋਵੇਂ ਪਾਸਿਓਂ ਵਾਹਨਾਂ ਦੀ ਆਵਾਜਾਈ ਰੋਕ ਲਈ ਗਈ। ਪੂਰੇ ਇਲਾਕੇ 'ਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਦੇਰ ਰਾਤ ਤਕ ਅੱਤਵਾਦੀਆਂ ਦਾ ਕੋਈ ਸੁਰਾਗ ਨਹੀਂ ਲੱਗ ਰਿਹਾ ਸੀ। ਇਸ ਹਮਲੇ ਬਾਰੇ ਪੁਲਿਸ ਦੇ ਅਧਿਕਾਰੀ ਫਿਲਹਾਲ ਕੁਝ ਨਹੀਂ ਦੱਸ ਰਹੇ ਹਨ। ਇਸ ਹਮਲੇ ਤੋਂ ਪਹਿਲਾਂ ਅਪ੍ਰਰੈਲ 2020 ਨੂੰ ਕਿਸ਼ਤਵਾੜ ਦੇ ਦੱਖਣੀ ਖੇਤਰ 'ਚ ਪੁਲਿਸ ਚੌਕੀ 'ਤੇ ਹਮਲਾ ਕਰਨ ਵਾਲੇ ਹਿਜਬੁਲ ਮੁਜ਼ਾਹਿਦੀਨ ਦੇ ਦੋ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਸੀ।