ਜਾਗਰਣ ਬਿਊਰੋ, ਨਵੀਂ ਦਿੱਲੀ : ਕੂਟਨੀਤੀ ਵਿਚ ਨਹਿਲੇ ’ਤੇ ਦਹਿਲਾ ਦਾ ਫਾਰਮੂਲਾ ਅਜ਼ਮਾਉਂਦੇ ਹੋਏ ਭਾਰਤ ਸਰਕਾਰ ਨੇ ਨਵੀਂ ਦਿੱਲੀ ਸਥਿਤ ਬਿ੍ਰਟਿਸ਼ ਹਾਈ ਕਮਿਸ਼ਨ ਅਤੇ ਬਿ੍ਰਟਿਸ਼ ਹਾਈ ਕਮਿਸ਼ਨਰ ਦੇ ਘਰ ’ਤੇ ਸੁਰੱਖਿਆ ਘੇਰੇ ਵਿਚ ਕਮੀ ਕਰ ਦਿੱਤੀ ਹੈ। ਇਨ੍ਹਾਂ ਦੋਵਾਂ ਥਾਵਾਂ ਦੇ ਬਾਹਰੀ ਗੇਟ ਦੇ ਕੋਲ ਲੱਗੇ ਬੈਰੀਕੇਡਸ ਅਤੇ ਸੁਰੱਖਿਆ ਬੰਕਰਾਂ ਨੂੰ ਬੁੱਧਵਾਰ ਸਵੇਰੇ ਦਿੱਲੀ ਪੁਲਿਸ ਨੇ ਹਟਾ ਦਿੱਤਾ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਹਾਈ ਕਮਿਸ਼ਨ ਦੇ ਬਾਹਰ ਲੱਗੇ ਬੈਰੀਕੇਡਸ ਅਤੇ ਬੰਕਰ ਉੱਥੇ ਆਉਣ-ਜਾਣ ਵਾਲਿਆਂ ਦੀ ਸਹੂਲਤ ਨੂੰ ਦੇਖਦੇ ਹੋਏ ਹਟਾਏ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਖ਼ਾਲਿਸਤਾਨ ਸਮਰਥਕਾਂ ਦੀ ਹੁੱਲੜਬਾਜ਼ੀ ਨੂੰ ਉੱਥੋਂ ਦੀ ਪੁਲਿਸ ਰੋਕਣ ਵਿਚ ਅਸਫਲ ਰਹੀ ਹੈ, ਉਸ ਨੂੰ ਦੇਖਦੇ ਹੋਏ ਭਾਰਤ ਨੇ ਇਹ ਸੰਕੇਤਕ ਕਦਮ ਚੁੱਕਿਆ ਹੈ।

ਦਿੱਲੀ ਪੁਲਿਸ ਵੱਲੋਂ ਚੁੱਕੇ ਗਏ ਇਸ ਕਦਮ ਬਾਰੇ ਵਿਦੇਸ਼ ਮੰਤਰਾਲੇ ਜਾਂ ਬਿ੍ਰਟਿਸ਼ ਹਾਈ ਕਮਿਸ਼ਨ ਨੇ ਕੋਈ ਬਿਆਨ ਨਹੀਂ ਦਿੱਤਾ ਹੈ। ਦੇਸ਼ ਵਿਚ ਸਥਿਤ ਹਰ ਵਿਦੇਸ਼ੀ ਦੂਤਘਰ/ਹਾਈ ਕਮਿਸ਼ਨ ਜਾਂ ਵਿਦੇਸ਼ੀ ਏਜੰਸੀ ਨੂੰ ਸੁਰੱਖਿਆ ਦੇਣ ਵਿਚ ਵਿਦੇਸ਼ ਮੰਤਰਾਲਾ ਵੀ ਸਲਾਹ ਦਿੰਦਾ ਹੈ ਪਰ ਇਸ ਮਾਮਲੇ ਵਿਚ ਬੁਲਾਰੇ ਅਰਿੰਦਮ ਬਾਗਚੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਬਿ੍ਰਟੇਨ ਹਾਈ ਕਮਿਸ਼ਨ ਦੇ ਬੁਲਾਰੇ ਨੇ ਬਸ ਏਨਾ ਕਿਹਾ ਕਿ ਸੁਰੱਖਿਆ ਨਾਲ ਜੁੜੇ ਮੁੱਦੇ ’ਤੇ ਅਸੀਂ ਕੋਈ ਬਿਆਨ ਨਹੀਂ ਦਿੰਦੇ। ਐਤਵਾਰ ਨੂੰ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਖ਼ਾਲਿਸਤਾਨ ਸਮਰਥਕਾਂ ਨੇ ਹੁੱਲੜਬਾਜ਼ੀ ਕੀਤੀ ਸੀ ਅਤੇ ਭਾਰਤੀ ਤਿਰੰਗੇ ਦਾ ਅਪਮਾਨ ਕੀਤਾ ਸੀ, ਇਸ ਦੌਰਾਨ ਬਿ੍ਰਟਿਸ਼ ਪ੍ਰਸ਼ਾਸਨ ਉੱਥੇ ਸੁਰੱਖਿਆ ਮੁਹੱਈਆ ਕਰਵਾਉਣ ਵਿਚ ਨਾਕਾਮ ਰਿਹਾ। ਹਾਲਾਂਕਿ ਭਾਰਤੀ ਏਜੰਸੀਆਂ ਨੇ ਪਹਿਲਾਂ ਹੀ ਬਿ੍ਰਟੇਨ ਸਰਕਾਰ ਨੂੰ ਆਪਣੇ ਹਾਈ ਕਮਿਸ਼ਨ ਦੀ ਸੁਰੱਖਿਆ ਵਿਵਸਥਾ ਨੂੰ ਬਿਹਤਰ ਕਰਨ ਦੀ ਅਪੀਲ ਕੀਤੀ ਸੀ। ਇਸ ਦੇ ਬਾਵਜੂਦ ਕੋਈ ਵਿਵਸਥਾ ਨਹੀਂ ਕੀਤੀ ਗਈ ਸੀ। ਤਾਜ਼ਾ ਮਾਮਲੇ ਨੂੰ ਇਸ ਦੀ ਹੀ ਪ੍ਰਤੀਕਿਰਿਆ ਮੰਨਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਹਾਲ ਦੇ ਦਿਨਾਂ ਵਿਚ ਬਿ੍ਰਟੇਨ, ਅਮਰੀਕਾ, ਆਸਟ੍ਰੇਲੀਆ ਅਤੇ ਕੈਨੇਡਾ ਸਥਿਤ ਭਾਰਤੀ ਹਾਈ ਕਮਿਸ਼ਨਾਂ ਜਾਂ ਵਣਜ ਦੂਤਘਰਾਂ ਦੇ ਸਾਹਮਣੇ ਖ਼ਾਲਿਸਤਾਨ ਸਮਰਥਕਾਂ ਨੇ ਹਿੰਸਕ ਵਿਰੋਧ ਪ੍ਰਦਰਸ਼ਨ ਕੀਤੇ ਹਨ। ਭਾਰਤ ਨੇ ਇਨ੍ਹਾਂ ਸਾਰੇ ਦੇਸ਼ਾਂ ਸਾਹਮਣੇ ਆਪਣੀ ਚਿੰਤਾ ਪ੍ਰਗਟਾਈ ਹੈ। ਐਤਵਾਰ ਦੀ ਘਟਨਾ ਤੋਂ ਬਾਅਦ ਭਾਰਤ ਸਰਕਾਰ ਨੇ ਭਾਰਤ ਵਿਚ ਬਿ੍ਰਟੇਨ ਦੇ ਉਪ ਹਾਈ ਕਮਿਸ਼ਨਰ ਨੂੰ ਤਲਬ ਕਰ ਕੇ ਸਖ਼ਤ ਸ਼ਬਦਾਂ ਵਿਚ ਆਪਣਾ ਵਿਰੋਧ ਪ੍ਰਗਟਾਇਆ ਸੀ। ਇਸ ਦੇ ਇਕ ਦਿਨ ਬਾਅਦ ਅਮਰੀਕਾ ਦੇ ਇੰਚਾਰਜ ਰਾਜਦੂਤ ਨੂੰ ਵੀ ਵਿਦੇਸ਼ ਮੰਤਰਾਲੇ ਨੇ ਤਲਬ ਕੀਤਾ ਸੀ ਅਤੇ ਸੈਨ ਫਰਾਂਸਿਸਕੋ ਸਥਿਤ ਵਣਜ ਦੂਤਘਰ ’ਤੇ ਹੋਏ ਹਮਲੇ ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟਾਈ ਸੀ। ਇਨ੍ਹਾਂ ਦੋਵਾਂ ਦੇਸ਼ਾਂ ਨੂੰ ਭਾਰਤ ਕਈ ਵਾਰ ਕਹਿ ਚੁੱਕਾ ਹੈ ਕਿ ਉਨ੍ਹਾਂ ਦੇ ਦੂਤਘਰਾਂ ਦੀ ਸੁਰੱਕਿਆ ਵਧਾਈ ਜਾਣੀ ਚਾਹੀਦੀ। ਉੱਧਰ, ਖ਼ਾਲਿਸਤਾਨ ਸਮਰਥਕਾਂ ਦੇ ਹਮਲੇ ਅਤੇ ਹਿੰਸਾ ਤੋਂ ਬਚਣ ਲਈ ਬੁੱਧਵਾਰ ਨੂੰ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਉੱਥੇ ਵੱਧ ਪੁਲਿਸ ਮੁਲਾਜ਼ਮ ਅਤੇ ਵਾਧੂ ਬੈਰੀਕੇਡਸ ਲਗਾਏ ਗਏ ਹਨ। ਦਿੱਲੀ ਵਿਚ ਬਿ੍ਰਟਿਸ਼ ਹਾਈ ਕਮਿਸ਼ਨ ਦੇ ਬਾਹਰ ਬੈਰੀਕੇਡਸ ਹਟਾਏ ਜਾਣ ਦੇ ਭਾਰਤ ਦੇ ਕਦਮ ਤੋਂ ਬਾਅਦ ਬਿ੍ਰਟਿਸ਼ ਸਰਕਾਰ ਨੇ ਇਹ ਕਦਮ ਚੁੱਕੇ ਹਨ।

Posted By: Seema Anand