ਨੀਲੂ ਰੰਜਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਤੋਂ ਬਚਣ ਲਈ ਪਿਛਲੇ 28 ਦਿਨਾਂ ਤੋਂ ਘਰਾਂ 'ਚ ਕੈਦ ਲੋਕ ਸੋਮਵਾਰ ਤੋਂ ਪਹਿਲੀ ਵਾਰ ਰਾਹਤ ਦਾ ਸਾਹ ਲੈ ਸਕਣਗੇ, ਪਰ ਕੋਰੋਨਾ ਦੇ ਰੈੱਡ ਜ਼ੋਨ ਵਾਲੇ ਇਲਾਕੇ 'ਚ ਕਿਸੇ ਤਰ੍ਹਾਂ ਦੀ ਕੋਈ ਛੋਟ ਨਹੀਂ ਮਿਲੇਗੀ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕੰਟੇਨਮੈਂਟ ਏਰੀਆ ਦੇ ਬਾਹਰ ਖੇਤੀ ਖੇਤਰ 'ਚ ਪੂਰੀ ਤਰ੍ਹਾਂ ਛੋਟ ਦੇ ਨਾਲ-ਨਾਲ ਕੁਝ ਸ਼ਰਤਾਂ ਨਾਲ ਉਦਯੋਗ-ਧੰਦੇ ਚਲਾਉਣ ਦੀ ਵੀ ਇਜਾਜ਼ਤ ਮਿਲ ਗਈ ਹੈ।


ਈ-ਕਾਮਰਸ ਕੰਪਨੀਆਂ ਨੂੰ ਹੁਣ ਸਿਰਫ਼ ਜ਼ਰੂਰੀ ਸਾਮਾਨ ਵੇਚਣ ਦੀ ਇਜਾਜ਼ਤ

ਪਹਿਲਾਂ ਈ-ਕਾਮਰਸ ਕੰਪਨੀਆਂ ਨੂੰ ਵੀ ਸਾਮਾਨ ਵੇਚਣ ਦੀ ਛੋਟ ਮਿਲ ਗਈ ਸੀ, ਪਰ ਗ੍ਰਹਿ ਮੰਤਰਾਲੇ ਨੇ ਇਸ 'ਚ ਸੋਧ ਕਰਕੇ ਇਨ੍ਹਾਂ ਕੰਪਨੀਆਂ ਲਈ ਗ਼ੈਰ-ਜ਼ਰੂਰੀ ਵਸਤਾਂ ਦੀ ਵਿਕਰੀ 'ਤੇ ਰੋਕ ਨੂੰ ਲਾਗੂ ਰੱਖਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਦਯੋਗਾਂ ਅਤੇ ਖੇਤੀ ਲਈ ਮਜ਼ਦੂਰ ਸਥਾਨਕ ਪੱਧਰ 'ਤੇ ਲਿਆਉਣੇ ਹੋਣਗੇ ਅਤੇ ਮਜ਼ਦੂਰਾਂ ਨੂੰ ਇੱਕ ਤੋਂ ਦੂਜੇ ਰਾਜ 'ਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।


ਉਡਾਨਾਂ, ਰੇਲਵੇ, ਜਨਤਕ ਆਵਾਜਾਈ, ਟੈਕਸੀ ਅਤੇ ਮੈਟਰੋ ਪੂਰੀ ਤਰ੍ਹਾਂ ਬੰਦ ਰਹਿਣਗੇ

ਲਾਕਡਾਊਨ ਤੋਂ ਛੋਟ ਦੇ ਬਾਵਜੂਦ ਦੇਸ਼ 'ਚ ਸਾਰੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਡਾਨਾਂ, ਰੇਲਵੇ, ਜਨਤਕ ਆਵਾਜਾਈ, ਟੈਕਸੀ, ਆਟੋ ਰਿਕਸ਼ਾ, ਬੱਸਾਂ ਅਤੇ ਮੈਟਰੋ ਪੂਰੀ ਤਰ੍ਹਾਂ ਬੰਦ ਰਹਿਣਗੇ। ਇਕ ਰਾਜ ਦੇ ਦੂਜੇ ਰਾਜ ਹੀ ਨਹੀਂ, ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ 'ਚ ਆਵਾਜਾਈ ਵੀ ਬੰਦ ਰਹੇਗੀ। ਸਿਨੇਮਾ ਹਾਲ, ਮਾਲ, ਸ਼ਾਪਿੰਗ ਕੰਪਲੈਕਸ, ਜਿੰਮ, ਖੇਡ ਗਤੀਵਿਧੀਆਂ, ਸਵਿਮਿੰਗ ਪੂਲ, ਥਿਏਟਰ, ਬਾਰ ਸਮੇਤ ਸਾਰੇ ਵਿੱਦਿਅਕ ਅਦਾਰੇ ਪੂਰੀ ਤਰ੍ਹਾਂ ਬੰਦ ਰਹਿਣਗੇ। ਇਸੇ ਤਰ੍ਹਾਂ ਕਿਸੇ ਵੀ ਤਰ੍ਹਾਂ ਦੀਆਂ ਧਾਰਮਿਕ ਅਤੇ ਰਾਜਨੀਤਕ ਗਤੀਵਿਧੀਆਂ ਲਈ ਇਕੱਠ ਕਰਨ 'ਤੇ ਪਾਬੰਦੀ ਲਾਗੂ ਰਹੇਗੀ। ਮੌਤ ਦੀ ਸਥਿਤੀ 'ਚ ਵੀ ਸਿਰਫ਼ 20 ਲੋਕਾਂ ਤਕ ਨੂੰ ਹੀ ਇਕੱਠੇ ਆਉਣ ਦੀ ਆਗਿਆ ਦਿੱਤੀ ਜਾਵੇਗੀ।

Posted By: Jagjit Singh