ਨਵੀਂ ਦਿੱਲੀ (ਏਜੰਸੀ) : ਭਾਰਤੀ ਹਵਾਈ ਫ਼ੌਜ ਦੇ ਪ੍ਰਮੁੱਖ ਕਮਾਂਡਰਾਂ ਨੇ ਗੁਆਂਢੀ ਦੇਸ਼ਾਂ 'ਚ ਬਦਲਦੇ ਸੁਰੱਖਿਆ ਹਾਲਾਤ 'ਤੇ ਸੋਮਵਾਰ ਨੂੰ ਵਿਚਾਰ ਵਟਾਂਦਰਾ ਕੀਤਾ। ਨਾਲ ਹੀ ਉਨ੍ਹਾਂ ਨੇ ਦੇਸ਼ ਦੇ ਹਵਾਈ ਕੌਸ਼ਲ ਨੂੰ ਹੋਰ ਤੇਜ਼ ਕਰਨ ਦੇ ਉਪਾਵਾਂ 'ਤੇ ਵੀ ਮੰਥਨ ਕੀਤਾ। ਸੰਮੇਲਨ ਦੇ ਉਦਘਾਟਨੀ ਸੈਸ਼ਨ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਇਸ ਸੰਮੇਲਨ 'ਚ ਪੁਲਾੜ, ਸਾਈਬਰ, ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਡ੍ਰੋਨ ਟੈਕਨਾਲੋਜੀ ਦੇ ਖੇਤਰ 'ਚ ਫੋਕਸ ਕਰਨ ਦੀ ਹਵਾਈ ਫ਼ੌਜ ਸਮਰੱਥਾ ਦੀ ਲੋੜ 'ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਨਾਲ ਹੀ ਭਾਰਤੀ ਹਵਾਈ ਫ਼ੌਜ ਦੀ ਛੋਟੇ ਤੇ ਲੰਬੀ ਮਿਆਦ ਦੀ ਸੰਚਾਲਨ ਸਮਰੱਥਾ ਵਧਾਉਣ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਹਵਾਈ ਫ਼ੌਜ ਦੀ ਖਾਹਸ਼ੀ ਆਧੁਨਿਕੀਕਰਨ ਯੋਜਨਾ ਦਾ ਤੁਰੰਤ ਅਮਲ ਸੰਮੇਲਨ ਦੀ ਪ੍ਰਮੁੱਖ ਤਰਜੀਹਾਂ 'ਚ ਹੈ। ਪਿਛਲੇ ਕੁਝ ਸਾਲਾਂ 'ਚ ਹਵਾਈ ਫ਼ੌਜ ਦਾ ਮੁੱਖ ਫੋਕਸ ਉੱਤਰ ਪੂਰਬੀ ਖੇਤਰ 'ਚ ਸਮੁੱਚੇ ਬੁਨਿਆਦੀ ਢਾਂਚੇ ਤੇ ਤਿਆਰੀਆਂ ਨੂੰ ਸੁਧਾਰਣ 'ਤੇ ਰਿਹਾ ਹੈ।

ਪ੍ਰਮੁੱਖ ਕਮਾਂਡਰ ਇਸ ਗੱਲ 'ਤੇ ਵੀ ਵਿਚਾਰ ਕਰ ਰਹੇ ਹਨ ਕਿ ਦੇਸ਼ ਦੀ ਰੱਖਿਆ ਨਿਰਮਾਣ ਸਮਰੱਥਾਵਾਂ 'ਚ ਵਾਧੇ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ 'ਚ ਭਾਰਤੀ ਹਵਾਈ ਫ਼ੌਜ ਕਿਵੇਂ ਯੋਗਦਾਨ ਦੇ ਸਕਦੀ ਹੈ। ਯਾਦ ਰਹੇ ਕਿ ਮਈ, 2017 'ਚ ਸਰਕਾਰ ਨੇ ਰਣਨੀਤਕ ਭਾਈਵਾਲੀ ਦੇ ਮਾਡਲ ਦਾ ਐਲਾਨ ਕੀਤਾ ਸੀ ਜਿਸਦੇ ਤਹਿਤ ਵਿਸ਼ਵ ਰੱਖਿਆ ਕੰਪਨੀਆਂ ਦੇ ਨਾਲ ਭਾਈਵਾਲੀ 'ਚ ਪਣਡੁੱਬੀਆਂ ਤੇ ਲੜਾਕੂ ਜਹਾਜ਼ਾਂ ਦਾ ਭਾਰਤ 'ਚ ਨਿਰਮਾਣ ਕਰਨ ਲਈ ਖਾਸ ਨਿੱਜੀ ਕੰਪਨੀਆਂ ਨੂੰ ਇਜਾਜ਼ਤ ਦਿੱਤੀ ਜਾਣੀ ਸੀ।