ਜਾਗਰਣ ਬਿਊਰੋ, ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੋਰੋਨਾ ਮਹਾਮਾਰੀ ਨਾਲ ਲੜਾਈ ਦੇ ਸਰੋਤ ਇਕੱਠੇ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗ਼ੈਰ-ਜ਼ਰੂਰੀ ਸਰਕਾਰੀ ਖ਼ਰਚਿਆਂ 'ਚ 30 ਫ਼ੀਸਦੀ ਕਟੌਤੀ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਮੌਜੂਦਾ ਹਾਲਾਤ 'ਚ 20,000 ਕਰੋੜ ਰੁਪਏ ਦੇ ਨਵੇਂ ਸੰਸਦ ਭਵਨ ਤੇ ਸੈਂਟਰਲ ਵਿਸਟਾ ਦੇ ਤਜਵੀਜ਼ਸ਼ੁਦਾ ਨਿਰਮਾਣ ਨੂੰ ਗ਼ੈਰ-ਜ਼ਰੂਰੀ ਦੱਸਦਿਆਂ ਇਸ ਨੂੰ ਟਾਲ਼ਣ ਦਾ ਵੀ ਸੁਝਾਅ ਦਿੱਤਾ ਹੈ।

ਕਾਂਗਰਸ ਪ੍ਰਧਾਨ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੀ ਆਪਣੀ ਚਿੱਠੀ 'ਚ ਇਨ੍ਹਾਂ ਸੁਝਾਵਾਂ ਦਾ ਜ਼ਿਕਰ ਕੀਤਾ ਹੈ। ਮੋਦੀ ਨਾਲ ਸੋਮਵਾਰ ਨੂੰ ਫੋਨ 'ਤੇ ਹੋਈ ਆਪਣੀ ਗੱਲਬਾਤ ਦਾ ਹਵਾਲਾ ਦਿੰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਮੰਗੇ ਗਏ ਸੁਝਾਵਾਂ ਦੇ ਸੰਦਰਭ 'ਚ ਹਾਂ-ਪੱਖੀ ਹੁੰਗਾਰੇ ਨਾਲ ਉਹ ਪੰਜ ਸੁਝਾਅ ਦੇ ਰਹੀ ਹੈ। ਸੋਨੀਆ ਨੇ ਇਸ ਚੁਣੌਤੀ ਭਰੇ ਸਮੇਂ 'ਚ ਪੀਐੱਮ ਦੀ ਚੰਗੀ ਸਿਹਤ ਦੀ ਕਾਮਨਾ ਕਰਦਿਆਂ ਕਿਹਾ ਕਿ ਸੰਸਦ ਮੈਂਬਰਾਂ ਦੀ ਤਨਖ਼ਾਹ 'ਚ 30 ਫ਼ੀਸਦੀ ਕਟੌਤੀ ਦੀ ਉਹ ਹਮਾਇਤ ਕਰਦੀ ਹੈ। ਕੋਰੋਨਾ ਖ਼ਿਲਾਫ਼ ਲੜਨ ਲਈ ਫੰਡ ਇਕੱਠਾ ਕਰਨ 'ਚ ਅਤਿ ਸੰਜਮੀ ਖ਼ਰਚਾ ਸਮੇਂ ਦੀ ਮੰਗ ਹੈ।

ਸੋਨੀਆ ਨੇ ਕਿਹਾ ਕਿ ਇਸ ਲਈ ਉਨ੍ਹਾਂ ਦਾ ਸੁਝਾਅ ਹੈ ਕਿ 20,000 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ 'ਸੈਂਟਰਲ ਵਿਸਟਾ' ਬਿਊਟੀਫਿਕੇਸ਼ਨ ਐਂਡ ਕੰਸਟ੍ਕਸ਼ਨ ਪ੍ਰਰਾਜੈਕਟ ਨੂੰ ਟਾਲ਼ਿਆ ਜਾਵੇ। ਮੌਜੂਦਾ ਹਾਲਾਤ 'ਚ ਸੁੱਖ ਸਹੂਲਤ 'ਤੇ ਕੀਤਾ ਜਾਣ ਵਾਲਾ ਇਹ ਖ਼ਰਚਾ ਫਜ਼ੂਲ ਹੈ। ਸੰਸਦ ਮੌਜੂਦਾ ਭਵਨ ਨਾਲ ਹੀ ਆਪਣਾ ਬੁੱਤਾ ਸਾਰ ਸਕਦੀ ਹੈ। ਨਵੇਂ ਸੰਸਦ ਭਵਨ ਤੇ ਉਸ ਦੇ ਨਵੇਂ ਦਫ਼ਤਰਾਂ ਦੇ ਨਿਰਮਾਣ ਦੀ ਅੱਜ ਦੀ ਹੰਗਾਮੀ ਸਥਿਤੀ 'ਚ ਜ਼ਰੂਰਤ ਨਹੀਂ ਹੈ। ਇਸ ਖ਼ਰਚੇ ਨੂੰ ਟਾਲ਼ਿਆ ਜਾ ਸਕਦਾ ਹੈ। ਬਚਾਈ ਗਈ ਰਕਮ ਨਵੇਂ ਹਸਪਤਾਲਾਂ ਤੇ ਡਾਇਗਨੋਸਟਿਕ ਸਹੂਲਤਾਂ ਦੇ ਨਿਰਮਾਣ ਨੂੰ ਲੈ ਕੇ ਸਿਹਤ ਕਾਮਿਆਂ ਨੂੰ ਨਿੱਜੀ ਸੁਰੱਖਿਆ ਸਾਜ਼ੋ-ਸਾਮਾਨ (ਪੀਪੀਈ) ਵਰਗੀਆਂ ਚੀਜ਼ਾਂ ਮੁਹੱਈਆ ਕਰਨ 'ਚ ਲਾਈ ਜਾ ਸਕਦੀ ਹੈ।

ਸੋਨੀਆ ਨੇ ਤਨਖ਼ਾਹ ਤੇ ਸੈਂਟਰਲ ਸੈਕਟਰ ਦੇ ਪ੍ਰਰਾਜੈਕਟਾਂ ਨੂੰ ਛੱਡ ਕੇ ਕੇਂਦਰ ਸਰਕਾਰ ਦੇ ਹੋਰ ਖ਼ਰਚਿਆਂ 'ਚ ਵੀ 30 ਫ਼ੀਸਦੀ ਦੀ ਕਟੌਤੀ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਮੁਤਾਬਕ ਇਸ ਕਟੌਤੀ ਨਾਲ ਸਾਲਾਨਾ ਕਰੀਬ ਢਾਈ ਲੱਖ ਕਰੋੜ ਰੁਪਏ ਦੇ ਵਸੀਲੇ ਹਾਸਲ ਹੋਣਗੇ। ਇਸ ਦੀ ਵਰਤੋਂ ਸਰਕਾਰ ਪਰਵਾਸੀ ਮਜ਼ਦੂਰਾਂ, ਕਾਮਿਆਂ, ਕਿਸਾਨਾਂ ਤੇ ਐੱਮਐੱਸਐੱਮਈ ਤੇ ਗ਼ੈਰ-ਸੰਗਠਿਤ ਖੇਤਰ 'ਚ ਕੰਮ ਕਰਨ ਵਾਲਿਆਂ ਨੂੰ ਸੁਰੱਖਿਆ ਚੱਕਰ ਮੁਹੱਈਆ ਕਰਨ 'ਚ ਕਰ ਸਕਦੀ ਹੈ। ਕਾਂਗਰਸ ਪ੍ਰਧਾਨ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਮੰਤਰੀਆਂ, ਸੂਬਿਆਂ ਦੇ ਮੰਤਰੀਆਂ ਤੇ ਨੌਕਰਸ਼ਾਹਾਂ ਦੇ ਸਾਰੇ ਵਿਦੇਸ਼ੀ ਦੌਰਿਆਂ ਨੂੰ ਵੀ ਫਿਲਹਾਲ ਟਾਲ਼ਣ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ ਹੰਗਾਮੀ ਤੇ ਅਤਿ-ਜ਼ਰੂਰੀ ਵਿਦੇਸ਼ ਦੌਰਿਆਂ ਦੀ ਇਜਾਜ਼ਤ ਸਿਰਫ ਪ੍ਰਧਾਨ ਮੰਤਰੀ ਦੀ ਪ੍ਰਵਾਨਗੀ ਨਾਲ ਹੀ ਹੋਣੀ ਚਾਹੀਦੀ।

'ਪੀਐੱਮ ਕੇਅਰਜ਼' ਫੰਡ ਦੀ ਰਕਮ ਨੂੰ 'ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ' 'ਚ ਟਰਾਂਸਫਰ ਕਰਨ ਦਾ ਸੁਝਾਅ ਦਿੰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਜ਼ਿਆਦਾ ਪ੍ਰਭਾਵਸ਼ਾਲੀ ਹੈ। ਨਾਲ ਹੀ ਇਸ 'ਚ ਪਾਰਦਰਸ਼ਤਾ, ਜ਼ਿੰਮੇਵਾਰੀ ਤੇ ਆਡਿਟ ਯਕੀਨੀ ਹੋਵੇ ਤੇ ਦੋ ਵੱਖ-ਵੱਖ ਮਦ ਬਣਾਉਣੇ ਮਿਹਨਤ ਤੇ ਸਰੋਤਾਂ ਦੀ ਬਰਬਾਦੀ ਹੈ। ਪੀਐੱਮ ਰਾਹਤ ਫੰਡ 'ਚ ਲਗਪਗ 3800 ਕਰੋੜ ਰੁਪਏ ਦੀ ਰਕਮ ਬਿਨਾਂ ਵਰਤੋ ਦੇ ਪਈ ਹੈ। 'ਪੀਐੱਮ ਕੇਅਰਜ਼' ਦੀ ਰਕਮ ਨੂੰ ਮਿਲਾ ਇਸ ਦੀ ਵਰਤੋਂ ਹਾਸ਼ੀਏ 'ਤੇ ਰਹਿਣ ਵਾਲੇ ਲੋਕਾਂ ਲਈ ਕੀਤੀ ਜਾ ਸਕਦੀ ਹੈ। ਪੰਜਵੇਂ ਸੁਝਾਅ ਵਜੋਂ ਉਨ੍ਹਾਂ ਨੇ ਕੋਰੋਨਾ ਤੇ ਸਿਹਤ ਚੁਣੌਤੀਆਂ ਨੂੰ ਛੱਡ ਕੇ ਟੀਵੀ, ਪਿ੍ਰੰਟ ਤੇ ਆਨਲਾਈਨ ਸਰਕਾਰੀ ਇਸ਼ਤਿਹਾਰਾਂ ਨੂੰ ਦੋ ਸਾਲ ਤਕ ਰੋਕਣ ਦੀ ਗੱਲ ਕਹੀ ਹੈ। ਸੋਨੀਆ ਨੇ ਕਿਹਾ ਕਿ ਕੋਰੋਨਾ ਨਾਲ ਲੜਨ 'ਚ ਹਰੇਕ ਭਾਰਤੀ ਨੇ ਤਿਆਗ ਕੀਤਾ ਹੈ ਕਿ ਹੁਣ ਵਿਧਾਇਕਾਂ ਤੇ ਸਰਕਾਰ ਲਈ ਲੋਕਾਂ ਦੇ ਭਰੋਸੇ 'ਤੇ ਖਰਾ ਉਤਰਨ ਦਾ ਵੇਲਾ ਹੈ।