ਜਾਗਰਣ ਬਿਊਰੋ, ਨਵੀਂ ਦਿੱਲੀ : ਨਰਾਤਿਆਂ ਦੀ ਸ਼ੁਰੂਆਤ ਦੇ ਨਾਲ ਹੀ ਤਕਰੀਬਨ ਪੂਰੇ ਉੱਤਰ ਭਾਰਤ ਤੇ ਪੂਰਬੀ ਭਾਰਤ ਵਿਚ ਤਿਓਹਾਰੀ ਸੀਜ਼ਨ ਦੀ ਸ਼ੁਰੂਆਤ ਸੋਮਵਾਰ ਤੋਂ ਹੋ ਜਾਵੇਗੀ। ਇਸ ਦੇ ਨਾਲ ਹੀ ਦੇਸ਼ ਦੀ ਆਟੋਮੋਬਾਈਲ ਕੰਪਨੀਆਂ ਦੀਆਂ ਤਿਆਰੀਆਂ ਵੀ ਇਸ ਵਾਰ ਪੂਰੀਆਂ ਹਨ। ਸੈਮੀਕੰਡਕਟਰ ਦੀ ਘਾਟ ਨੂੰ ਕਾਫੀ ਹੱਦ ਤਕ ਸੁਲਝਾ ਲਿਆ ਗਿਆ ਹੈ। ਕਾਰ ਕੰਪਨੀਆਂ ਦਾ ਕਹਿਣਾ ਹੈ ਕਿ ਚਾਰ ਸਾਲਾਂ ਬਾਅਦ ਉਨ੍ਹਾਂ ਲਈ ਤਿਓਹਾਰੀ ਸੀਜ਼ਨ ਬਿਹਤਰ ਸੰਭਾਵਨਾਵਾਂ ਵਾਲਾ ਦਿਸ ਰਿਹਾ ਹੈ। ਖ਼ਾਸ ਤੌਰ ’ਤੇ ਜਿਸ ਤਰ੍ਹਾਂ ਨਾਲ ਨਵੀਆਂ ਗੱਡੀਆਂ ਦੀ ਬੁਕਿੰਗ ਹੋਈ ਹੈ, ਉਸ ਨੂੰ ਦੇਖਦੇ ਹੋਏ ਦੁਸਹਿਰੇ ਤੋਂ ਲੈ ਕੇ ਦੀਵਾਲੀ ਵਿਚਾਲੇ ਦੇਸ਼ ’ਚ ਕਾਰਾਂ ਦੀ ਵਿਕਰੀ ਵਿਚ ਨਵਾਂ ਰਿਕਾਰਡ ਬਣਨ ਦੀ ਉਮੀਦ ਹੈ।

ਆਟੋ-ਮੋਬਾਈਲ ਕੰਪਨੀਆਂ ਦੇ ਸੰਗਠਨ ਸਿਆਮ ਨੇ ਸਾਲ 2022-23 ਲਈ ਕਾਰਾਂ ਦੀ ਵਿਕਰੀ ਦਾ ਕੋਈ ਅਧਿਕਾਰਕ ਟੀਚਾ ਨਹੀਂ ਰੱਖਿਆ ਹੈ ਪਰ ਸੰਗਠਨ ਦੇ ਅਧਿਕਾਰੀ ਹੀ ਦੱਸਦੇ ਹਨ ਕਿ ਇਸ ਸਾਲ ਵਿਕਰੀ ਵਿਚ 20 ਫ਼ੀਸਦੀ ਇਜ਼ਾਫਾ ਹੋਣ ਦੀ ਉਮੀਦ ਹੈ। ਸਾਲ 2021-22 ਵਿਚ ਘਰੇਲੂ ਕਾਰ ਬਾਜ਼ਾਰ ਵਿਚ ਕੁੱਲ ਵਿਕਰੀ 30.70 ਲੱਖ ਕਾਰਾਂ ਦੀ ਹੋਈ ਸੀ। ਅਜਿਹੇ ਵਿਚ ਭਾਰਤੀ ਕਾਰਾਂ ਦੀ ਵਿਕਰੀ ਚਾਲੂ ਵਿੱਤੀ ਵਰ੍ਹੇ ਦੌਰਾਨ 37 ਲੱਖ ਦੇ ਅੰਕਡ਼ੇ ਨੂੰ ਛੂੰਹਦਾ ਹੋਇਆ ਨਜ਼ਰ ਆਉਂਦਾ ਹੈ। ਪਿਛਲੇ ਸਾਲ ਤਿਓਹਾਰੀ ਸੀਜ਼ਨ ਦੌਰਾਨ 3.5 ਲੱਖ ਕਾਰਾਂ ਦੀ ਵਿਕਰੀ ਹੋਈ ਸੀ ਜਦਕਿ ਇਸ ਸਾਲ ਦੱਸਿਆ ਜਾ ਰਿਹਾ ਹੈ ਕਿ ਵਿਕਰੀ ਦਾ ਅੰਕਡ਼ਾ ਸੌਖਿਆਂ ਹੀ ਪੰਜ ਲੱਖ ਦੇ ਕਰੀਬ ਰਹੇਗਾ। ਗਾਹਕਾਂ ਵੱਲੋਂ ਮੰਗ ਵਧਣ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਹਨ। ਕੋਰੋਨਾ ਕਾਰਨ ਜਿਨ੍ਹਾਂ ਲੋਕਾਂ ਨੇ ਲੰਬੇ ਸਮੇਂ ਤਕ ਕਾਰਾਂ ਦੀ ਖ਼ਰੀਦ ਟਾਲ ਰੱਖੀ ਸੀ, ਉਹ ਹੁਣ ਸ਼ੋਅਰੂਮ ਪਹੁੰਚ ਰਹੇ ਹਨ। ਵੱਡੀ ਗਿਣਤੀ ਵਿਚ ਲੋਕ ਪੁਰਾਣੀਆਂ ਕਾਰਾਂ ਨੂੰ ਹੁਣ ਬਦਲਣ ਲੱਗੇ ਹਨ। ਬਾਜ਼ਾਰ ਵਿਚ ਆਟੋ ਕਰਜ਼ ਦੇ ਮਹਿੰਗਾ ਹੋਣ ਦੀ ਵੀ ਕਾਫੀ ਚਰਚਾ ਹੈ, ਜਿਸ ਦੀ ਵਜ੍ਹਾ ਨਾਲ ਲੋਕ ਮੌਜੂਦਾ ਦਰ ’ਤੇ ਹੀ ਕਾਰ ਲੈਣ ਲਈ ਅੱਗੇ ਆ ਰਹੇ ਹਨ। ਇਸ ਤਿਓਹਾਰੀ ਸੀਜ਼ਨ ਵਿਚ ਦੇਸ਼ ਦੀਆਂ ਦੋਵੇਂ ਸਭ ਤੋਂ ਵੱਡੀਆਂ ਕਾਰ ਕੰਪਨੀਆਂ ਮਾਰੂਤੀ ਸੁਜ਼ੂਕੀ ਅਤੇ ਹੁੰਡਈ ਮੋਟਰ ਇੰਡੀਆ ਦੀਆਂ ਗੱਡੀਆਂ ਦੀ ਵਿਕਰੀ ਵੀ ਇਸ ਸਾਲ ਤਿਓਹਾਰੀ ਸੀਜ਼ਨ ਵਿਚ ਸਭ ਤੋਂ ਵੱਧ ਰਹਿਣ ਦੀ ਉਮੀਦ ਹੈ।

Posted By: Sandip Kaur