ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਇਨਫੈਕਸ਼ਨ ਦਾ ਪਤਾ ਲਾਉਣ ਲਈ ਭਾਰਤ ਰੋਜ਼ਾਨਾ 10 ਲੱਖ ਨਮੂਨਿਆਂ ਦੀ ਜਾਂਚ ਦੇ ਆਪਣੇ ਟੀਚੇ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਕ ਦਿਨ 'ਚ ਨਮੂਨਿਆਂ ਦੀ ਜਾਂਚ ਦਾ ਅੰਕੜਾ 8.5 ਲੱਖ ਦੇ ਲਗਪਗ ਪੁੱਜ ਗਿਆ ਹੈ। ਹਾਲਾਂਕਿ, ਇਨਫੈਕਸ਼ਨ ਵੀ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ ਵੀ ਲਗਾਤਾਰ ਵੱਧ ਰਹੀ ਹੈ। ਉਥੇ, ਮੌਤ ਦੀ ਦਰ 'ਚ ਗਿਰਾਵਟ ਆ ਰਹੀ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵੀਰਵਾਰ ਨੂੰ 24 ਘੰਟੇ ਦੌਰਾਨ ਕੁਲ ਅੱਠ ਲੱਖ 48 ਹਜ਼ਾਰ 728 ਨਮੂਨਿਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ਨੂੰ ਰਲਾ ਕੇ ਹੁਣ ਤਕ ਦੋ ਕਰੋੜ 76 ਲੱਖ 94 ਹਜ਼ਾਰ 416 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 64,553 ਨਵੇਂ ਕੇਸ ਮਿਲੇ ਹਨ ਤੇ ਇਨਫੈਕਟਿਡਾਂ ਦੀ ਗਿਣਤੀ 24 ਲੱਖ 61 ਹਜ਼ਾਰ 190 ਹੋ ਗਈ ਹੈ। ਹੁਣ ਤਕ 17 ਲੱਖ 51 ਹਜ਼ਾਰ 555 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਤੇ ਸਰਗਰਮ ਮਾਮਲੇ ਛੇ ਲੱਖ 61 ਹਜ਼ਾਰ 595 ਰਹਿ ਗਏ ਹਨ, ਜੋ ਕੁਲ ਇਨਫੈਕਟਿਡਾਂ ਦਾ 26.88 ਫ਼ੀਸਦੀ ਹੈ। ਇਸ ਮਹਾਮਾਰੀ ਨੇ ਹੁਣ ਤਕ 48,040 ਲੋਕਾਂ ਦੀ ਜਾਨ ਵੀ ਲੈ ਲਈ ਹੈ, ਜਿਸ 'ਚ ਪਿਛਲੇ 24 ਘੰਟਿਆਂ ਦੌਰਾਨ ਹੋਈਆਂ 1007 ਮੌਤਾਂ ਵੀ ਸ਼ਾਮਲ ਹਨ। ਇਸ ਤਰ੍ਹਾਂ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 71.17 ਫ਼ੀਸਦੀ ਤੇ ਮੌਤ ਦੀ ਦਰ 1.95 ਫ਼ੀਸਦੀ ਹੋ ਗਈ ਹੈ। ਦੇਸ਼ 'ਚ ਪ੍ਰਤੀ 10 ਲੱਖ ਆਬਾਦੀ 'ਤੇ 603 ਜਾਂਚ ਹੋ ਰਹੀ ਹੈ।

ਉਥੇ, ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਪੀਟੀਆਈ ਤੇ ਹੋਰ ਸਰੋਤਾਂ ਤੋਂ ਸ਼ਾਮ ਸੱਤ ਵਜੇ ਮਿਲੇ ਅੰਕੜਿਆਂ ਮੁਤਾਬਕ ਵੀਰਵਾਰ ਦੇਰ ਰਾਤ ਤੋਂ 31,747 ਨਵੇਂ ਕੇਸ ਮਿਲੇ ਹਨ ਤੇ ਇਨਫੈਕਟਿਡਾਂ ਦੀ ਗਿਣਤੀ 24 ਲੱਖ 87 ਹਜ਼ਾਰ 820 ਹੋ ਗਈ ਹੈ। ਇਸ ਦੌਰਾਨ 30,849 ਮਰੀਜ਼ ਠੀਕ ਹੋਏ ਹਨ ਤੇ ਹੁਣ ਤਕ ਸਿਹਤਮੰਦ ਹੋਏ ਮਰੀਜ਼ਾਂ ਦਾ ਅੰਕੜਾ 17 ਲੱਖ 72 ਹਜ਼ਾਰ 912 'ਤੇ ਪੁੱਜ ਗਿਆ ਹੈ। 48,431 ਲੋਕਾਂ ਦੀ ਮੌਤ ਵੀ ਹੋਈ ਹੈ। ਸ਼ੁੱਕਰਵਾਰ ਨੂੰ 353 ਲੋਕਾਂ ਦੀ ਜਾਨ ਗਈ, ਜਿਸ 'ਚ ਸਭ ਤੋਂ ਜ਼ਿਆਦਾ ਉੱਤਰ ਪ੍ਰਦੇਸ਼ 'ਚ 55, ਦਿੱਲੀ ਤੇ ਜੰਮੂ-ਕਸ਼ਮੀਰ 'ਚ 11, ਓਡੀਸ਼ਾ 'ਚ 10, ਤੇਲੰਗਾਨਾ 'ਚ 9 ਤੇ ਪੰਜਾਬ 'ਚ ਚਾਰ ਮੌਤਾਂ ਸ਼ਾਮਲ ਹੈ।

ਸਿਹਤ ਮੰਤਰਾਲੇ ਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰ ਨੂੰ ਮਿਲਣ ਵਾਲੀਆਂ ਸੂਚਨਾਵਾਂ 'ਚ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸਿੱਧਾ ਸੂਬਿਆਂ ਤੋਂ ਅੰਕੜੇ ਲੈ ਕੇ ਜਾਰੀ ਕਰਦੀਆਂ ਹਨ।

ਦਿੱਲੀ 'ਚ 1,192 ਨਵੇਂ ਕੇਸ

ਰਾਜਧਾਨੀ ਦਿੱਲੀ 'ਚ 1,192, ਉੱਤਰ ਪ੍ਰਦੇਸ਼ 'ਚ 4,512, ਓਡੀਸ਼ਾ 'ਚ 1,977 ਤੇ ਤੇਲੰਗਾਨਾ 'ਚ 1,921 ਨਵੇਂ ਕੇਸ ਮਿਲੇ ਹਨ ਤੇ ਇਨ੍ਹਾਂ ਸੂਬਿਆਂ 'ਚ ਕੁਲ ਮਾਮਲੇ ਕ੍ਰਮਵਾਰ ਇਕ ਲੱਖ 50 ਹਜ਼ਾਰ 692, ਇਕ ਲੱਖ 45 ਹਜ਼ਾਰ 287, 54,630 ਤੇ 88,396 ਹੋ ਗਏ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ 'ਚ ਹੁਣ ਤਕ 5.60 ਲੱਖ, ਤਾਮਿਲਨਾਡੂ 'ਚ 3.26 ਲੱਖ, ਬੰਗਾਲ 'ਚ 1.07 ਲੱਖ, ਕਰਨਾਟਕ 'ਚ 2.03 ਲੱਖ ਤੇ ਆਂਧਰ ਪ੍ਰਦੇਸ਼ 'ਚ 2.73 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ।