ਨਵੀਂ ਦਿੱਲੀ (ਏਐੱਨਆਈ) : ਭਾਰਤ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਪਤਾ ਲਾਉਣ ਲਈ ਇਕ ਦਿਨ 'ਚ ਰਿਕਾਰਡ 6.6 ਲੱਖ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਟਵੀਟ ਕੀਤਾ, 'ਕੋਰੋਨਾ ਖ਼ਿਲਾਫ਼ ਆਪਣੀ ਲੜਾਈ 'ਚ ਭਾਰਤ ਨੇ ਬੀਤੇ 24 ਘੰਟਿਆਂ 'ਚ 6 ਲੱਖ 61 ਹਜ਼ਾਰ 715 ਨਮੂਨਿਆਂ ਦੀ ਜਾਂਚ ਕਰਨ ਦੀ ਨਵੀਂ ਉੱਚਾਈ ਹਾਸਲ ਕੀਤੀ ਹੈ।' ਕੋਰੋਨਾ ਲਈ ਹੁਣ ਤਕ ਕੁਲ ਦੋ ਕਰੋੜ ਅੱਠ ਲੱਖ 206 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।

ਮੰਤਰਾਲੇ ਨੇ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਦੇ ਵਧਦੇ ਪਸਾਰ ਨੂੰ ਰੋਕਣ ਲਈ ਟੈਸਟਿੰਗ 'ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਨਫੈਕਟਿਡਾਂ ਦੇ ਸੰਪਰਕ 'ਚ ਆਏ ਲੋਕਾਂ ਦਾ ਪਤਾ ਲਾਉਣ ਤੇ ਮਰੀਜ਼ਾਂ ਨੂੰ ਬਿਹਤਰ ਮੈਡੀਕਲ ਸਹੂਲਤ ਉਪਲੱਬਧ ਕਰਵਾਉਣ 'ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ।