ਜੇਐੱਨਐੱਨ, ਦੇਹਰਾਦੂਨ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੇ ਅੱਤਵਾਦ ਨੂੰ ਆਪਣੀ ਕੌਮੀ ਨੀਤੀ ਬਣਾ ਲਿਆ ਹੈ। ਉਥੇ ਗਰਮਖਿਆਲੀ ਤੱਤ ਏਨੇ ਮਜ਼ਬੂਤ ਹਨ ਕਿ ਸਿਆਸਤ ਦੇ ਕੇਂਦਰ 'ਚ ਬੈਠੇ ਲੋਕ ਉਨ੍ਹਾਂ ਦੇ ਹੱਥਾਂ ਦੀ ਕਠਪੁਤਲੀਆਂ ਤੋਂ ਬਿਨਾਂ ਕੁਝ ਨਹੀਂ।

ਸਾਨੂੰ ਪਾਕਿਸਤਾਨ ਵਰਗੇ ਗੁਆਂਢੀ ਨਾਲ ਸਿੱਝਣ ਲਈ ਤਿਆਰ ਰਹਿਣਾ ਪਵੇਗਾ। ਚੀਨ 'ਤੇ ਟਿੱਪਣੀ ਕਰਦਿਆਂ ਰਾਜਨਾਥ ਨੇ ਕਿਹਾ ਕਿ ਭਾਰਤ ਤੇ ਚੀਨ ਦੀਆਂ ਆਪਣੇ ਇਲਾਕਿਆਂ ਸਬੰਧੀ ਧਾਰਨਾਵਾਂ ਇਕ-ਦੂਜੇ ਨਾਲੋਂ ਵੱਖਰੀਆਂ ਹੋ ਸਕਦੀਆਂ ਹਨ ਪਰ ਚੀਨ ਅੱਤਵਾਦ ਖ਼ਿਲਾਫ਼ ਲੜਾਈ 'ਚ ਬਾਕੀ ਦੁਨੀਆ ਨਾਲ ਖੜ੍ਹਾ ਹੈ।

ਸ਼ਨਿਚਰਵਾਰ ਨੂੰ ਦੇਹਰਾਦੂਨ ਸਥਿਤ ਭਾਰਤੀ ਫ਼ੌਜ ਅਕਾਦਮੀ (ਆਈਐੱਮਏ) 'ਚ ਕਰਵਾਈ ਸ਼ਾਨਦਾਰ ਪਾਸਿੰਗ ਆਊਟ ਪਰੇਡ ਤੋਂ ਬਾਅਦ 306 ਨੌਜਵਾਨ ਅਧਿਕਾਰੀ ਭਾਰਤੀ ਫ਼ੌਜ 'ਚ ਸ਼ਾਮਲ ਹੋਏ। ਨਵ-ਨਿਯੁਕਤ ਫ਼ੌਜੀ ਅਫਸਰਾਂ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਸੇਵਾ ਤੇ ਸ਼ਾਂਤੀ ਦਾ ਸੁਨੇਹਾ ਦੁਨੀਆ ਤਕ ਪਹੁੰਚਾਓ।

ਕਿਹਾ ਕਿ ਇਤਿਹਾਸ ਗਵਾਹ ਹੈ ਕਿ ਭਾਰਤ ਦੀ ਕਦੇ ਵੀ ਵਾਧੂ ਇਲਾਕੇ ਦੀ ਖ਼ਾਹਸ਼ ਨਹੀਂ ਰਹੀ ਹੈ। ਅਸੀਂ ਦੁਨੀਆ ਦੇ ਕਿਸੇ ਦੇਸ਼ 'ਤੇ ਹਮਲਾ ਨਹੀਂ ਕੀਤਾ। ਕਿਸੇ ਦੀ ਇਕ ਇੰਚ ਜ਼ਮੀਨ ਵੀ ਭਾਰਤ ਦਾ ਕਬਜ਼ਾ 'ਚ ਨਹੀਂ ਹੈ। ਇਸ ਦੇ ਬਾਵਜੂਦ ਸਰਹੱਦਾਂ 'ਚ ਅਜਿਹੇ ਖ਼ਤਰੇ ਮੰਡਰਾਉਂਦੇ ਰਹਿੰਦੇ ਹਨ ਜਿਥੇ ਬਹਾਦਰੀ ਦੇ ਨਾਲ-ਨਾਲ ਵਿਵੇਕ ਵੀ ਜ਼ਰੂਰਤ ਪੈਂਦੀ ਹੈ।

ਪਾਕਿਸਤਾਨ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਅਜੀਬ ਗੁਆਂਢੀ ਹੈ, ਸੁਧਾਰ ਦੇ ਰਾਹ 'ਤੇ ਚੱਲਣ ਨੂੰ ਤਿਆਰ ਨਹੀਂ ਹੈ। ਸਾਡੇ ਨਾਲ ਉਸ ਨੇ ਚਾਰ ਲੜਾਈਆਂ ਲੜੀਆਂ ਹਨ ਹਰ ਵਾਰ ਕਰਾਰੀ ਹਾਰ ਮਿਲੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ। ਰੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਅੱਤਵਾਦ ਖ਼ਿਲਾਫ਼ ਇਕ ਮਲਟੀ ਪ੍ਰੋਪਮਟ ਸਟ੍ਰੈਟਜੀ ਅਪਣਾਈ ਹੋਈ ਹੈ।

ਇਸ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆ ਰਹੇ ਹਨ। ਇਸ ਦੇ ਬਾਵਜੂਦ ਸਦਾ ਸੁਚੇਤ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਦੁਨੀਆ ਲਈ ਕਿੰਨਾ ਵੱਡਾ ਖ਼ਤਰਾ ਹੈ ਉਸ ਬਾਰੇ ਅੱਜ ਦੱਸਣ ਦੀ ਲੋੜ ਹੈ, ਕਿਉਂਕਿ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ 9/11 ਤੇ 26/11 ਦੀਆਂ ਘਟਨਾਵਾਂ ਦੇਖੀਆਂ ਹਨ।

ਅੱਜ ਕਿਸੇ ਵੀ ਸੱਭਿਅਕ ਦੇਸ਼ ਦੀ ਅੱਤਵਾਦ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਦੁਨੀਆ ਜਾਣਦੀ ਹੈ ਕਿ 26/11 ਨੂੰ ਅੰਜਾਮ ਦੇਣ ਵਾਲੀ ਜਥੇਬੰਦੀ ਲਸ਼ਕਰ-ਏ-ਤਾਇਬਾ ਦੇ ਲੋਕ ਪਾਕਿਸਤਾਨ 'ਚ ਬੈਠੇ ਹਨ। ਮੁੰਬਈ ਹਮਲੇ 'ਚ ਜੋ 166 ਬੇਗੁਨਾਹ ਮਾਰੇ ਗਏ, ਉਨ੍ਹਾਂ ਨੂੰ ਇਸ ਦਿਨ ਇਨਸਾਫ਼ ਮਿਲੇਗਾ ਜਿਸ ਦਿਨ 26/11 ਨੂੰ ਅੰਜਾਮ ਦੇਣ ਵਾਲਿਆਂ ਨੂੰ ਉਨ੍ਹਾਂ ਦੇ ਅੰਜਾਮ ਤਕ ਪਹੁੰਚਾਇਆ ਜਾਵੇਗਾ।

ਚੀਨ ਨਾਲ ਸਬੰਧਾਂ 'ਤੇ ਰੱਖਿਆ ਮੰਤਰੀ ਨੇ ਕਿਹਾ ਸਰਹੱਦ ਨੂੰ ਲੈ ਕੇ ਲੰਬੇ ਸਮੇਂ ਤੋਂ ਚੀਨ ਨਾਲ ਕੁਝ ਮਤਭੇਦ ਜ਼ਰੂਰ ਹਨ। ਇਸ ਹਾਲਾਤ 'ਚ ਉੱਤਰੀ ਤੇ ਪੂਰਬੀ ਸਰਹੱਦ 'ਤੇ ਫ਼ੌਜ ਨੂੰ ਅਕਸਰ ਬਹਾਦਰੀ ਦੇ ਨਾਲ ਹੀ ਵਿਵੇਕ ਤੋਂ ਕੰਮ ਲੈਣਾ ਚਾਹੀਦਾ ਹੈ। ਇਸ ਮਿਸਾਲ ਭਾਰਤੀ ਫ਼ੌਜ ਨੇ ਕਈ ਵਾਰ ਦਿੱਤੀ ਹੈ।

ਜਦੋਂ ਡੋਕਲਾਮ 'ਚ ਇਕ ਅੱਡਰੀ ਸਥਿਤੀ ਬਣੀ ਤਾਂ ਫ਼ੌਜ ਨੇ ਮਜ਼ਬੂਤ ਇੱਛਾ ਸ਼ਕਤੀ ਨਾਲ ਆਪਣੀ ਹੋਂਦ ਦੱਸਣ ਤੋਂ ਵੀ ਪਰਹੇਜ਼ ਨਹੀਂ ਕੀਤਾ। ਨਵ-ਨਿਯੁਕਤ ਫ਼ੌਜੀ ਅਧਿਕਾਰੀਆਂ ਨੂੰ ਭਵਿੱਖ ਦੇ ਖ਼ਤਰਿਆਂ ਤੋਂ ਸੁਚੇਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਾਈਬਰ ਜੰਗ ਇਕ ਵੱਡੀ ਚੁਣੌਤੀ ਬਣ ਰਿਹਾ ਹੈ। ਅਜਿਹੀਆਂ-ਅਜਿਹੀਆਂ ਚਾਲਾਂ ਸਾਹਮਣੇ ਆਉਣਗੀਆਂ ਕਿ ਤੁਹਾਨੂੰ ਸੋਚਣਾ ਪਵੇਗਾ ਕਿ ਹਥਿਆਰ ਦੀ ਵਰਤੋਂ ਕਿਥੇ ਤੇ ਕਿਸ ਰੂਪ 'ਚ ਕੀਤੀ ਜਾਵੇ। ਅਜਿਹੇ 'ਚ ਸਾਈਬਰ ਜੰਗ 'ਚ ਮੁਹਾਰਤ ਹਾਸਲ ਕਰਨੀ ਪਵੇਗੀ।