ਨਵੀਂ ਦਿੱਲੀ, ਜੇਐੱਨਐੱਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ ਦੇ ਰੈਪੋ ਦਰ 'ਚ ਕਟੌਤੀ ਦੇ ਫ਼ੈਸਲੇ ਦਾ ਸ਼ੁੱਕਰਵਾਰ ਨੂੰ ਸਵਾਗਤ ਕੀਤਾ। ਪੀਐੱਮ ਨੇ ਕਿਹਾ ਕਿ ਇਨ੍ਹਾਂ ਐਲਾਨਾਂ ਨਾਲ ਨਕਦੀ 'ਚ ਸੁਧਾਰ ਹੋਵੇਗਾ, ਬਚਤ ਹੋਵੇਗੀ ਤੇ ਮੱਧ ਵਰਗ ਤੇ ਕਾਰੋਬਾਰੀ ਵਰਗ ਨੂੰ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ, 'ਆਰਬੀਆਈ ਨੇ ਅੱਜ ਸਾਡੀ ਅਰਥ ਵਿਵਸਥਾ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਾਉਣ ਲਈ ਵੱਡੇ ਕਦਮ ਚੁੱਕੇ ਹਨ।' ਉਨ੍ਹਾਂ ਕਿਹਾ, 'ਇਨ੍ਹਾਂ ਐਲਾਨਾਂ ਨਾਲ ਤਰਲਤਾ 'ਚ ਸੁਧਾਰ ਹੋਵੇਗਾ, ਬਚਤ ਹੋਵੇਗੀ ਤੇ ਮੱਧ ਵਰਗ ਤੇ ਕਾਰੋਬਾਰੀ ਵਰਗ ਨੂੰ ਮਦਦ ਮਿਲੇਗੀ।'

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਸੰਕਟ ਨੂੰ ਦੇਖਦੇ ਹੋਏ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਰੈਪੋ ਰੇਟ 'ਚ 0.75 ਫ਼ੀਸਦੀ ਦੀ ਕਟੌਤੀ ਸਮੇਤ ਕਈ ਫ਼ੈਸਲਿਆਂ ਦਾ ਐਲਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਕਰਜ਼ ਦੀ ਈਐੱਮਆਈ ਚੁਕਾਉਣ 'ਚ 3 ਮਹੀਨੇ ਦੀ ਛੋਟ ਦਿੱਤੀ ਜਾਵੇਗੀ।

ਉੱਧਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਰਥਚਾਰੇ 'ਚ ਨਕਦੀ ਵਧਾਉਣ ਤੇ ਕਰਜ਼ ਸਸਤਾ ਕਰਨ ਲਈ ਰਿਜ਼ਰਵ ਬੈਂਕ ਦੇ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰੈਪੋ ਦਰ 'ਚ ਕੀਤੀ ਕਟੌਤੀ ਦਾ ਲਾਭ ਜਲਦ ਹੀ ਗਾਹਕਾਂ ਨੂੰ ਮਿਲੇ।

ਇਕ ਟਵੀਟ 'ਚ ਵਿੱਤ ਮੰਤਰੀ ਨੇ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੇ ਬਿਆਨ ਦਾ ਸਵਾਗਤ ਕੀਤਾ, ਉਨ੍ਹਾਂ ਕਿਹਾ ਸੀ ਕਿ ਭਾਰਤੀ ਅਰਥਚਾਰੇ ਦੀ ਆਰਥਿਕ ਆਧਾਰ ਮੁੱਲ ਠੋਸ ਹਨ, ਤੇ 2008-09 ਦੇ ਕੌਮਾਂਤਰੀ ਸੰਕਟ ਦੀ ਤੁਲਨਾ 'ਚ ਮਜ਼ਬੂਤ ਹੈ।

Posted By: Amita Verma