Online Ration Card Update : ਨਈ ਦੁਨੀਆ, ਨਵੀਂ ਦਿੱਲੀ : ਬੀਪੀਐੱਲ ਕੈਟਾਗਰੀ (BPL Category) 'ਚ ਆਉਣ ਵਾਲੇ ਲੋਕਾਂ ਲਈ ਰਾਸ਼ਨ ਕਾਰਡ (Ration Card) ਇਕ ਬੇਹੱਦ ਮਹੱਤਵਪੂਰਨ ਦਸਤਾਵੇਜ਼ ਹੈ। ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਹੀ ਸਸਤਾ ਅਨਾਜ ਮੁਹੱਈਆ ਕਰਵਾਇਆ ਜਾਂਦਾ ਹੈ। ਹਾਲ ਹੀ 'ਚ ਲਾਕਡਾਊਨ ਤੋਂ ਬਾਅਦ ਸਰਕਾਰ ਵੱਡੇ ਪੱਧਰ 'ਤੇ ਰਾਸ਼ਨ ਕਾਰਡ ਜ਼ਰੀਏ ਅਨਾਜ ਵੰਡਣ ਦਾ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਕਈ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਵੀ ਰਾਸ਼ਨ ਕਾਰਡ ਦਾ ਹੋਣਾ ਲਾਜ਼ਮੀ ਹੁੰਦਾ ਹੈ। ਅਜਿਹੇ ਵਿਚ ਇਹ ਜ਼ਰੂਰੀ ਹੈ ਕਿ ਇਹ ਮਹੱਤਵਪੂਰਨ ਦਸਤਾਵੇਜ਼ ਹਰ ਵੇਲੇ ਅਪਡੇਟ ਰਹਿਣ। ਜੇਕਰ ਪਰਿਵਾਰ ਦੇ ਕਿਸੇ ਮੈਂਬਰ ਦਾ ਨਾਂ ਰਾਸ਼ਨ ਕਾਰਡ 'ਚ ਜੁੜਨਾ ਰਹਿ ਗਿਆ ਹੈ ਤਾਂ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਬਜਾਏ ਆਨਲਾਈਨ ਪ੍ਰਕਿਰਿਆ ਦੀ ਪਾਲਣਾ ਕਰ ਕੇ ਨਾਂ ਆਸਾਨੀ ਨਾਲ ਜੋੜਿਆ ਜਾ ਸਕਦਾ ਹੈ ਤੇ ਆਪਣੇ ਰਾਸ਼ਨ ਕਾਰਡ ਨੂੰ ਅਪਡੇਟ ਕੀਤਾ ਜਾ ਸਕਦਾ ਹੈ।

ਇਨ੍ਹਾਂ ਦਸਤਾਵੇਜ਼ਾਂ ਦੀ ਪਵੇਗੀ ਜ਼ਰੂਰਤ

ਰਾਸ਼ਨ ਕਾਰਡ 'ਚ ਜੇਕਰ ਘਰ ਦੇ ਕਿਸੇ ਬੱਚਾ ਦਾ ਨਾਂ ਜੋੜਨਾ ਹੈ ਤਾਂ ਇਸ ਦੇ ਲਈ ਘਰ ਦੇ ਮੁਖੀ ਦਾ ਰਾਸ਼ਨ ਕਾਰਡ ਹੋਣਾ ਲਾਜ਼ਮੀ ਹੈ। ਇਸ ਦੀ ਇਕ ਫੋਟੋ ਕਾਪੀ ਤੇ ਓਰੀਜਨਲ ਕਾਪੀ ਹੋਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਬੱਚੇ ਦਾ ਜਨਮ ਪ੍ਰਮਾਣ ਪੱਤਰ, ਮਾਤਾ-ਪਿਤਾ ਦੇ ਆਧਾਰ ਕਾਰਡ ਦੀ ਜ਼ਰੂਰਤ ਪੈਂਦੀ ਹੈ।

ਜੇਕਰ ਵਿਆਹ ਤੋਂ ਬਾਅਦ ਨੂੰਹ ਦਾ ਨਾਂ ਇਸ ਕਾਰਡ 'ਚ ਜੋੜਨਾ ਹੈ ਤਾਂ ਉਸ ਦਾ ਆਧਾਰ ਕਾਰਡ, ਮੈਰਿਜ ਸਰਟੀਫਿਕੇਟ, ਪਤੀ ਦੇ ਰਾਸ਼ਨ ਕਾਰਡ ਦੀ ਕਾਪੀ ਹੋਣੀ ਲਾਜ਼ਮੀ ਹੈ।

ਇੰਝ ਕਰੋ ਆਨਲਾਈਨ ਅਪਡੇਟ

  • ਸੂਬੇ ਦੇ ਖ਼ੁਰਾਕ ਸਪਲਾਈ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ। ਪਹਿਲੀ ਵਾਰ ਇਸ ਵੈੱਬਸਾਈਟ 'ਤੇ ਲੌਗਇਨ ਆਈਡੀ ਬਣਾਉਣੀ ਪਵੇਗੀ।
  • ਲੌਗਇਨ ਤੋਂ ਬਾਅਦ ਵੈੱਬਸਾਈਟ ਦੇ ਹੋਮ ਪੇਜ 'ਤੇ ਇਕ ਨਵੇਂ ਮੈਂਬਰ ਦਾ ਨਾਂ ਜੋੜਨ ਦਾ ਬਦਲ ਮਿਲੇਗਾ, ਉਸ 'ਤੇ ਕਲਿੱਕ ਕਰੋ।
  • ਨਵਾਂ ਫਾਰਮ ਖੁੱਲ੍ਹਣ ਤੋਂ ਬਾਅਦ ਮੰਗੇ ਗਏ ਜ਼ਰੂਰੀ ਦਸਤਾਵੇਜ਼ਾਂ ਦੀ ਸਕੈਨ ਕਾਪੀ ਨੂੰ ਅਪਲੋਡ ਕਰੋ। ਇਸ ਤੋਂ ਬਾਅਦ ਫਾਰਮ ਸਬਮਿਟ ਕਰੋ।
  • ਫਾਰਮ ਸਬਮਿਟ ਹੋਣ ਤੋਂ ਬਾਅਦ ਇਕ ਰਜਿਸਟ੍ਰੇਸ਼ਨ ਨੰਬਰ ਮਿਲੇਗਾ, ਇਸ ਨੰਬਰ ਜ਼ਰੀਏ ਫਾਰਮ ਨੂੰ ਟਰੈਕ ਕੀਤਾ ਜਾ ਸਕਦਾ ਹੈ।
  • ਫਾਰਮ ਤੇ ਦਸਾਤਵੇਜ਼ ਨੂੰ ਅਧਿਕਾਰੀਆਂ ਵੱਲੋਂ ਵੈਰੀਫਾਈ ਕੀਤਾ ਜਾਵੇਗਾ, ਜੇਕਰ ਜਾਣਕਾਰੀ ਸਹੀ ਹੈ ਤਾਂ ਫਾਰਮ ਸਵੀਕਾਰ ਕਰ ਲਿਆ ਜਾਵੇਗਾ।
  • ਇਸ ਤੋਂ ਬਾਅਦ ਪੋਸਟ ਜ਼ਰੀਏ ਘਰ ਦੇ ਪਤੇ 'ਤੇ ਰਾਸ਼ਨ ਕਾਰਡ ਭੇਜਿਆ ਜਾਵੇਗਾ।

Posted By: Seema Anand