ਨਵੀਂ ਦਿੱਲੀ (ਏਜੰਸੀਆਂ) : ਕੋਰੋਨਾ ਦੇ ਵਧਦੇ ਕਹਿਰ ਦੌਰਾਨ ਥੋੜ੍ਹੀ ਰਾਹਤ ਭਰੀ ਖ਼ਬਰ ਇਹ ਹੈ ਕਿ ਜੀਵਨ ਰੱਖਿਅਕ ਦਵਾਈ ਰੈਮਡੇਸਿਵਿਰ ਦਾ ਉਤਪਾਦਨ ਦੇਸ਼ 'ਚ ਪ੍ਰਤੀ ਮਹੀਨਾ ਵਧ ਕੇ 1.05 ਕਰੋੜ ਵਾਇਲ (ਸ਼ੀਸ਼ੀ) ਹੋ ਗਿਆ ਹੈ। ਕੇਂਦਰ ਸਰਕਾਰ ਇਸ ਦਵਾਈ ਦੇ ਉਤਪਾਦਨ ਨੂੰ ਵਧਾਉਣ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ। ਇਹ ਜਾਣਕਾਰੀ ਕੇਂਦਰੀ ਰਸਾਇਣ ਤੇ ਖਾਦ ਰਾਜ ਮੰਤਰੀ ਮਨਸੁਖ ਮੰਡਾਵੀਆ ਨੇ ਮੰਗਲਵਾਰ ਨੂੰ ਦਿੱਤੀ।

ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ 'ਚ ਰੈਮਡੇਸਿਵਿਰ ਦਾ ਉਤਪਾਦਨ ਕਰੀਬ ਤਿੰਨ ਗੁਣਾ ਵਧ ਕੇ ਪ੍ਰਤੀ ਮਹੀਨਾ 1.05 ਕਰੋੜ ਹੋ ਗਿਆ ਹੈ। ਸਰਕਾਰ ਇਸ ਇਨਫੈਕਸ਼ਨ ਰੋਕੂ ਦਵਾਈ ਦੀ ਉਪਲਬਧਤਾ ਵਧਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਮੰਡਾਵੀਆ ਨੇ ਇਕ ਟਵੀਟ 'ਚ ਕਿਹਾ ਕਿ ਦਵਾਈ ਦੀ ਉਤਪਾਦਨ ਸਮਰੱਥਾ ਚਾਰ ਮਈ ਨੂੰ ਪ੍ਰਤੀ ਮਹੀਨਾ 1.05 ਕਰੋੜ ਸ਼ੀਸ਼ੀ ਨੂੰ ਪਾਰ ਕਰ ਗਈ ਹੈ, ਜਿਹੜੀ ਇਸ ਸਾਲ 12 ਅਪ੍ਰਰੈਲ ਨੂੰ 37 ਲੱਖ ਸ਼ੀਸ਼ੀ ਸੀ। ਇਸ ਤਰ੍ਹਾਂ ਉਤਪਾਦਨ ਸਮਰੱਥਾ 'ਚ ਕਰੀਬ ਤਿੰਨ ਗੁਣਾ ਵਾਧਾ ਹੋਇਆ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਇਕ ਮਹੀਨਾ ਪਹਿਲਾਂ 20 ਪਲਾਂਟਾਂ ਦੇ ਮੁਕਾਬਲੇ ਇਸ ਸਮੇਂ ਦੇਸ਼ ਦੇ 57 ਪਲਾਂਟਾਂ 'ਚ ਇਸ ਐਂਟੀਵਾਇਰਲ ਦਵਾਈ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਅਸੀਂ ਵਧੀ ਹੋਈ ਮੰਗ ਪੂਰਾ ਕਰਨ ਦੇ ਸਮਰੱਥ ਹੋਵਾਂਗੇ। ਮੰਡਾਵੀਆ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸਰਕਾਰ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ਲਈ ਸਖ਼ਤ ਮਿਹਨਤ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਦੇਸ਼ 'ਚ ਕੋਰੋਨਾ ਇਨਫੈਕਸ਼ਨ 'ਚ ਭਾਰੀ ਵਾਧਾ ਹੋਇਆ ਹੈ ਤੇ ਇਸ ਦੌਰਾਨ ਰੈਮਡੇਸਿਵਿਰ ਦੀ ਮੰਗ ਕਈ ਗੁਣਾ ਵਧ ਗਈ ਹੈ। ਇਸ ਦੀ ਉਪਲਬਧਤਾ ਵਧਾਉਣ ਲਈ ਸਰਕਾਰ ਨੇ ਇਸ ਦੀ ਬਰਾਮਦ 'ਚ ਪਾਬੰਦੀ ਤੇ ਕਸਟਮ ਡਿਊਟੀ 'ਚ ਛੋਟ ਸਮੇਤ ਹੋਰ ਕਈ ਉਪਾਅ ਕੀਤੇ ਹਨ। ਸਰਕਾਰ ਦੇ ਦਖ਼ਲ ਤੋਂ ਬਾਅਦ ਦਵਾਈ ਬਣਾਉਣ ਵਾਲੀਆਂ ਕਈ ਕੰਪਨੀਆਂ ਨੇ ਰੈਮਡੇਸਿਵਿਰ ਦੀ ਕੀਮਤ 'ਚ ਕਟੌਤੀ ਕੀਤੀ ਹੈ।