ਓਪੀ ਵਸ਼ਿਸ਼ਠ, ਰੋਹਤਕ/ਚੰਡੀਗੜ੍ਹ : ਸੁਨਾਰੀਆ ਜੇਲ੍ਹ 'ਚ ਬੰਦ ਸਾਧਵੀ ਜਬਰ ਜਨਾਹ ਤੇ ਪੱਤਰਕਾਰ ਹੱਤਿਆ ਕਾਂਡ ਦੇ ਦੋਸ਼ੀ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨਾਲ ਉਸ ਦੀ ਮੂੁੰਹ ਬੋਲੀ ਬੇਟੀ ਹਨੀਪ੍ਰੀਤ ਦੀ ਮੁਲਾਕਾਤ 835 ਦਿਨਾਂ ਤੋਂ ਬਾਅਦ ਹੋਈ। 25 ਅਗਸਤ 2017 ਦੇ ਬਾਅਦ ਤੋਂ ਜੇਲ੍ਹ 'ਚ ਬੰਦ ਡੇਰਾ ਮੁਖੀ ਦੇ ਬਦਲੇ ਸਰੂਪ ਨੂੰ ਦੇਖ ਕੇ ਇਕ ਵਾਰੀ ਤਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ। ਪਰ ਜਦੋਂ ਗੱਲਬਾਤ ਸ਼ੁਰੂ ਹੋਈ ਤਾਂ ਉਹ ਫੁਟ-ਫੁਟ ਕੇ ਰੋਣ ਲੱਗੀ। ਕਰੀਬ ਅੱਧਾ ਘੰਟਾ ਗੱਲਬਾਤ ਦੌਰਾਨ ਦੋਵੇਂ ਭਾਵੁਕ ਵੀ ਹੋਏ।

ਸੁਰੱਖਿਆ ਦੇ ਮੱਦੇਨਜ਼ਰ ਹਨੀਪ੍ਰੀਤ ਦੀ ਡੇਰਾ ਮੁਖੀ ਨਾਲ ਹੋਣ ਵਾਲੀ ਮੁਲਾਕਾਤ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ ਤਾਂ ਜੋ ਕਿਸੇ ਵੀ ਤਰ੍ਹਾਂ ਕਾਨੂੰਨ ਵਿਵਸਥਾ ਨਾ ਵਿਗੜੇ। ਹਨੀਪ੍ਰੀਤ ਸੋਮਵਾਰ ਦੁਪਹਿਰ ਢਾਈ ਵਜੇ ਸੁਨਾਰੀਆ ਜੇਲ੍ਹ 'ਚ ਪੁੱਜੀ। ਉਸ ਦੇ ਨਾਲ ਡੇਰੇ ਦੇ ਚੇਅਰਪਰਸਨ ਸ਼ੋਭਾ ਗੇਰਾ, ਚਰਨਜੀਤ ਤੇ ਦੋ ਵਕੀਲ ਵੀ ਨਾਲ ਸਨ। ਜੇਲ੍ਹ ਕੰਪਲੈਕਸ ਤੋਂ ਪਹਿਲਾਂ ਤਿੰਨ ਥਾਵਾਂ 'ਤੇ ਉਨ੍ਹਾਂ ਦੀ ਕਾਰ ਦੀ ਜਾਂਚ ਕੀਤੀ ਗਈ।

ਇਸ ਤੋਂ ਬਾਅਦ ਰਾਮ ਰਹੀਮ ਨਾਲ ਮੁਲਾਕਾਤ ਲਈ ਕਮਰੇ ਵਿਚ ਜਾਣ ਦਿੱਤਾ ਗਿਆ। ਲੋਹੇ ਦੀ ਗਰਿੱਲ, ਸ਼ੀਸ਼ੇ ਤੇ ਜਾਲੀ ਦੇ ਅੰਦਰੋਂ ਰਾਮ ਰਹੀਮ ਨੂੰ ਦੇਖ ਕੇ ਹਨੀਪ੍ਰੀਤ ਨੂੰ ਇਕ ਵਾਰੀ ਤਾਂ ਯਕੀਨ ਹੀ ਨਹੀਂ ਹੋਇਆ ਕਿਉਂਕਿ ਜੇਲ੍ਹ 'ਚ ਆਉਣ ਤੋਂ ਪਹਿਲਾਂ ਡੇਰਾ ਮੁਖੀ ਦਾ ਵਜ਼ਨ ਸੌ ਕਿਲੋਗ੍ਰਾਮ ਤੋਂ ਜ਼ਿਆਦਾ ਸੀ ਤੇ ਦਾੜ੍ਹੀ ਪੂਰੀ ਤਰ੍ਹਾਂ ਕਾਲੀ ਸੀ। ਹੁਣ 15 ਤੋਂ 20 ਕਿਲੋ ਵਜ਼ਨ ਘੱਟ ਹੋ ਚੁੱਕਾ ਹੈ ਤੇ ਦਾੜ੍ਹੀ ਵੀ ਪੂਰੀ ਚਿੱਟੀ ਹੋ ਗਈ ਹੈ। ਡੇਰਾ ਮੁਖੀ ਦਾ ਬਦਲਿਆ ਰੂਪ ਦੇਖ ਕੇ ਹਨੀਪ੍ਰੀਤ ਦੀਆਂ ਅੱਖਾਂ 'ਚ ਹੁੰਝੂ ਆ ਗਏ। ਉਹ ਫੁਟ-ਫੁਟ ਕੇ ਰੋਣ ਲੱਗੀ। ਫਿਰ ਉਸ ਨੇ ਕਿਸੇ ਤਰ੍ਹਾਂ ਖ਼ੁਦ ਨੂੰ ਸੰਭਾਲਿਆ ਕਿਉਂਕਿ ਮੁਲਾਕਾਤ ਦਾ ਸਮਾਂ ਵੀ ਨਿਰਧਾਰਤ ਸੀ।

ਅਗਸਤ 2017 ਨੂੰ ਹੈਲੀਕਾਪਟਰ 'ਚ ਨਾਲ ਪੁੱਜੀ ਸੀ ਹਨੀਪ੍ਰੀਤ

ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 25 ਅਗਸਤ 2017 ਨੂੰ ਜਦੋਂ ਡੇਰਾ ਮੁਖੀ ਨੂੰ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਸੀ ਤਦੋਂ ਉਸ ਨੂੰ ਹਵਾਈ ਰਸਤੇ ਰਾਹੀਂ ਸੁਨਾਰੀਆ ਜੇਲ੍ਹ ਪਹੁੰਚਾਇਆ ਗਿਆ। ਗੁਰਮੀਤ ਦੇ ਨਾਲ ਹੀ ਹੈਲੀਕਾਪਟਰ 'ਚ ਹਨੀਪ੍ਰੀਤ ਵੀ ਸੁਨਾਰੀਆ ਜੇਲ੍ਹ ਪੁੱਜੀ ਸੀ।

ਇਸ ਤੋਂ ਬਾਅਦ ਦੋਵਾਂ ਦੀ ਕੋਈ ਮੁਲਾਕਾਤ ਨਹੀਂ ਹੋਈ। ਬਾਅਦ 'ਚ ਪੰਚਕੂਲਾ 'ਚ ਹਿੰਸਾ ਭੜਕਣ ਦੇ ਮਾਮਲੇ 'ਚ ਹਨੀਪ੍ਰੀਤ ਨੂੰ ਵੀ ਦੇਸ਼ਧ੍ਰੋਹ ਦੇ ਮਾਮਲੇ 'ਚ ਗਿ੍ਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ। ਦੇਸ਼ਧ੍ਰੋਹ ਦੀ ਧਾਰਾ ਹਟਣ ਤੋਂ ਬਾਅਦ ਹਨੀਪ੍ਰੀਤ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹਨੀਪ੍ਰੀਤ ਡੇਰਾ ਮੁਖੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ 'ਚ ਸੀ। ਪਰ ਸਿਰਸਾ ਪੁਲਿਸ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਵਿਗੜਨ ਦਾ ਹਵਾਲਾ ਦੇ ਕੇ ਮੁਲਾਕਾਤ ਨਾ ਕਰਾਉਣ ਦੀ ਰਿਪੋਰਟ ਦਿੱਤੀ। ਹੁਣ ਜੇਲ੍ਹ ਮੈਨੂਅਲ ਮੁਤਾਬਕ ਹਨੀਪ੍ਰੀਤ ਦੀ ਸੋਮਵਾਰ ਨੂੰ ਗੁੱਪਚੁਪ ਤਰੀਕੇ ਨਾਲ ਮੁਲਾਕਾਤ ਕਰਵਾ ਦਿੱਤੀ ਗਈ।

Posted By: Rajnish Kaur