ਸ਼ਤਰੂਘਨ ਸ਼ਰਮਾ, ਅਹਿਮਦਾਬਾਦ : 'ਅਯੁੱਧਿਆ 'ਚ ਰਾਮ ਜਨਮਭੂਮੀ 'ਤੇ ਨਗਰ ਸ਼ੈਲੀ ਵਾਂਗ ਰਾਜਸਥਾਨ ਦੇ ਪੱਥਰਾਂ ਨਾਲ ਹੁਣ ਸ਼ਾਨਦਾਰ ਰਾਮ ਮੰਦਰ ਦਾ ਨਿਰਮਾਣ ਹੋਵੇਗਾ। ਸਵਾ ਲੱਖ ਘਣ ਫੁੱਟ ਪੱਥਰਾਂ ਨੂੰ ਤਰਾਸ਼ਣ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਏਨੇ ਹੀ ਪੱਥਰਾਂ ਦੀ ਹੋਰ ਜ਼ਰੂਰਤ ਪਵੇਗੀ। ਇਸੇ ਤਰ੍ਹਾਂ 2022 ਤਕ ਸ਼ਾਨਦਾਰ ਮੰਦਰ ਬਣ ਕੇ ਤਿਆਰ ਹੋ ਜਾਵੇਗਾ।' ਇਹ ਕਹਿਣਾ ਹੈ ਰਾਮ ਮੰਦਰ ਦੇ ਸ਼ਿਲਪਕਾਰ ਚੰਦਰਕਾਂਤ ਸੋਮਪੁਰਾ ਦਾ।

ਸੋਮਨਾਥ ਤੋਂ ਅਯੁੱਧਿਆ ਤਕ ਨਿਕਲੀ ਰਥ ਯਾਤਰਾ ਤੋਂ ਪਹਿਲਾਂ ਹੀ ਵਿਸ਼ਵ ਹਿੰਦੂ ਪ੍ਰਰੀਸ਼ਦ ਦੇ ਤੱਤਕਾਲੀ ਪ੍ਰਧਾਨ ਤੇ ਰਾਮ ਮੰਦਰ ਅੰਦੋਲਨ ਦੇ ਮੋਹਰੀ ਅਸ਼ੋਕ ਸਿੰਘਲ ਨੇ ਚੰਦਰਕਾਂਤ ਨੂੰ ਦਿੱਲੀ ਸੱਦ ਕੇ ਰਾਮ ਮੰਦਰ ਦੇ ਨਿਰਮਾਣ ਦੀ ਯੋਜਨਾ ਸ਼ੁਰੂ ਕਰਨ ਦਾ ਕੰਮ ਸੌਪਿਆ ਸੀ। ਸੋਮਪੁਰਾ ਦੱਸਦੇ ਹਨ ਕਿ ਰਾਜਸਥਾਨ ਦੇ ਭਰਤਪੁਰ ਦੇ ਵੰਸੀ ਡੂੰਗਰਪੁਰ ਦੇ ਗੁਲਾਬੀ ਪੱਥਰਾਂ ਨਾਲ ਹੀ ਰਾਮ ਮੰਦਰ ਬਣੇਗਾ। ਇਸ 'ਚ ਕਰੀਬ ਢਾਈ ਲੱਖ ਘਣ ਫੁੱਟ ਪੱਥਰ ਲੱਗੇਗਾ। ਬੀਤੇ ਤਿੰਨ ਦਹਾਕਿਆਂ ਤੋਂ ਅਯੁੱਧਿਆ, ਰਾਜਸਥਾਨ ਸਮੇਤ ਕਈ ਥਾਵਾਂ 'ਤੇ ਰਾਮ ਮੰਦਰ ਲਈ ਪੱਥਰ ਤਰਾਸ਼ਣ ਦਾ ਕੰਮ ਚੱਲ ਰਿਹਾ ਹੈ। ਸਵਾ ਲੱਖ ਘਣ ਫੁੱਟ ਪੱਥਰਾਂ ਨੂੰ ਤਰਾਸ਼ਣ ਦਾ ਕੰਮ ਪੂਰਾ ਹੋ ਚੁੱਕਾ ਹੈ। ਮੰਦਰ ਦੇ ਡਿਜ਼ਾਈਨ ਅਨੁਸਾਰ ਸਵਾ ਲੱਖ ਘਣ ਫੁੱਟ ਪੱਥਰਾਂ ਦੀ ਹੋਰ ਜ਼ਰੂਰਤ ਪਵੇਗੀ। ਸੁਪਰੀਮ ਕੋਰਟ ਦਾ ਫ਼ੈਸਲਾ ਮੰਦਰ ਨਿਰਮਾਣ ਦੇ ਪੱਖ 'ਚ ਆਇਆ ਹੈ, ਇਸ ਲਈ ਚੰਦਰਕਾਂਤ ਦਾ ਮੰਨਣਾ ਹੈ ਕਿ ਨਿਰਮਾਣ ਢਾਈ ਤੋਂ ਤਿੰਨ ਸਾਲ 'ਚ ਪੂਰਾ ਹੋ ਸਕਦਾ ਹੈ।

ਮੰਦਰ 'ਚ ਹੋਣਗੇ 251 ਸਤੰਭ : ਚੰਦਰਕਾਂਤ ਸੋਮਪੁਰਾ ਦੇ ਪੁੱਤਰ ਆਸ਼ੀਸ਼ ਸੋਮਪੁਰਾ ਦੱਸਦੇ ਹਨ ਕਿ ਵਿਸ਼ਨੂੰ ਦੇ ਅਵਤਾਰ ਭਗਵਾਨ ਰਾਮ ਮੰਦਰ ਵਿਸ਼ਨੂੰ ਦੇ ਪਸੰਦੀਦਾ ਅਸ਼ਟਕੋਣੀ ਆਕਾਰ 'ਚ ਬਣੇਗਾ। ਨਗਰ ਸ਼ੈਲੀ 'ਚ ਭਰਤਪੁਰ ਦੇ ਗੁਲਾਬੀ ਢਾਈ ਲੱਖ ਘਣ ਫੁੱਟ ਪੱਥਰਾਂ ਨਾਲ ਦੋ ਮੰਜ਼ਲਾਂ ਮੰਦਰ ਬਣੇਗਾ। ਇਸ 'ਚ ਕਰੀਬ 251 ਸਤੰਭ ਹੋਣਗੇ ਜਿਨ੍ਹਾਂ 'ਤੇ ਵੱਖ-ਵੱਖ ਆਕ੍ਰਿਤੀਆਂ ਉਕਰੀਆਂ ਹੋਣਗੀਆਂ। 240 ਫੁੱਟ ਲੰਬੇ, 145 ਫੁੱਟ ਚੌੜੇ ਤੇ 141 ਫੁੱਟ ਉੱਚੇ ਰਾਮ ਮੰਦਰ ਦੇ ਪਹਿਲੇ ਤਲ 'ਚ ਬਾਲ ਸਰੂਪ 'ਚ ਕਰੀਬ ਛੇ ਫੁੱਟ ਦੀ ਉੱਚਾਈ ਦੇ ਰਾਮਲੱਲਾ ਵਿਰਾਜਮਾਨ ਹੋਣਗੇ। ਦੂਜੇ ਤਲ 'ਤੇ ਰਾਮ ਦਰਬਾਰ ਹੋਵੇਗਾ, ਜਿਸ 'ਚ ਭਗਵਾਨ ਰਾਮ, ਲਕਸ਼ਮਣ, ਸੀਤਾ ਤੇ ਹਨੂੰਮਾਨ ਦੀਆਂ ਮੂਰਤੀਆਂ ਹੋਣਗੀਆਂ। ਮੰਦਰ ਪੂਰਬਮੁਖੀ ਹੋਵੇਗਾ ਪਰ ਇਸ 'ਚ ਦਾਖ਼ਲੇ ਲਈ ਚਾਰੇ ਪਾਸਿਓਂ ਦੁਆਰ ਹੋਣਗੇ। ਮੰਦਰ ਦਾ ਗਰਭਗ੍ਹਿ ਰਘੁਪੁਰਮ ਵੱਖਰਾ ਹੋਵੇਗਾ ਤੇ ਕੁੰਜ ਦਾ ਨਿਰਮਾਣ ਵੀ ਵੱਖਰੇ ਤੌਰ 'ਤੇ ਕੀਤਾ ਜਾਵੇਗਾ।

ਕੌਣ ਹੈ ਰਾਮ ਮੰਦਰ ਦੇ ਸ਼ਿਲਪਕਾਰ : 76 ਸਾਲ ਦੇ ਚੰਦਰਕਾਂਤ ਸੋਮਪੁਰਾ ਮੂਲ ਰੂਪ 'ਚ ਗੁਜਰਾਤ ਦੇ ਪਾਲੀਤਾਣਾ ਤੋਂ ਹਨ। ਉਨ੍ਹਾਂ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਮੰਦਰ ਨਿਰਮਾਣ ਦਾ ਕੰਮ ਕਰਦਾ ਆ ਰਿਹਾ ਹੈ। ਚੰਦਰਕਾਂਤ ਖ਼ੁਦ ਹੁਣ ਤਕ ਹਿੰਦੂ, ਜੈਨ ਤੇ ਸਵਾਮੀ ਨਾਰਾਇਣ ਸੰਪ੍ਰਦਾਇ ਦੇ 100 ਤੋਂ ਜ਼ਿਆਦਾ ਮੰਦਰ ਬਣਾ ਚੁੱਕੇ ਹਨ। ਇਨ੍ਹਾਂ 'ਚੋਂ ਗਾਂਧੀ ਨਗਰ ਦਾ ਸਵਾਮੀ ਨਾਰਾਇਣ ਮੰਦਰ, ਪਾਲਨਪੁਰ ਅੰਬਾ ਮਾਤਾ ਮੰਦਰ ਤੇ ਕਈ ਵਿਰਲਾ ਮੰਦਰ ਮੁਖ ਹਨ।