ਅਯੁੱਧਿਆ, ਏਐੱਨਆਈ : Ram Mandir Bhumi Pujan, ਅੱਜ ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ਮੰਦਰ ਦਾ ਭੂਮੀ ਪੂਜਨ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦਾ ਭੂਮੀ ਪੂਜਨ ਕੀਤਾ। ਇਸ ਦੌਰਾਨ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਸਰ ਸੰਘਚਾਲਕ ਮੋਹਨ ਭਾਗਵਤ ਨੇ ਵੀ ਭੂਮੀ ਪੂਜਨ ਵਿੱਚ ਹਿੱਸਾ ਲਿਆ। ਇਸ ਦੌਰਾਨ ਸੰਬੋਧਨ ਕਰਦਿਆਂ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਅੱਜ ਪੂਰੇ ਦੇਸ਼ ਖੁਸ਼ੀ ਦਾ ਮਾਹੌਲ ਹੈ। ਅੱਜ ਸਾਡਾ ਵਾਅਦਾ ਪੂਰਾ ਹੋਇਆ। ਉਨ੍ਹਾਂ ਨੇ ਇਸ ਦੌਰਾਨ ਰਾਮ ਮੰਦਰ ਲਈ ਕੁਰਬਾਨੀ ਦੇਣ ਵਾਲੇ ਸੰਘ ਦੇ ਲੋਕਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

ਇਸ ਮੌਕੇ ਮੋਹਨ ਭਾਗਵਤ ਨੇ ਭਾਰਤ ਦੀ ਪ੍ਰਾਚੀਨ ਪਰੰਪਰਾ ‘ਵਸੁਧੈਵ ਕੁਟੁੰਬਕਮ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡਾ ਦੇਸ਼ ‘ਵਸੁਧੈਵ ਕੁਟੁੰਬਕਮ’ ਵਿੱਚ ਯਕੀਨ ਕਰਦਾ ਹੈ ਯਾਨੀ ਸਾਡੇ ਲਈ ਵਿਸ਼ਵ ਇਕ ਪਰਿਵਾਰ ਹੈ। ਅਸੀਂ ਸਾਰਿਆਂ ਨੂੰ ਨਾਲ ਲੈ ਕੇ ਜਾਣ ਵਿਚ ਵਿਸ਼ਵਾਸ ਕਰਦੇ ਹਾਂ। ਭਾਗਵਤ ਨੇ ਕਿਹਾ ਕਿ ਅੱਜ ਇਕ ਨਵੇਂ ਭਾਰਤ ਦੀ ਨਵੀਂ ਸ਼ੁਰੂਆਤ ਹੈ।

'ਮੰਦਰ ਲਈ ਅਨੇਕਾਂ ਲੋਕਾਂ ਨੇ ਦਿੱਤੀ ਕੁਰਬਾਨੀ'

ਸ੍ਰੀਰਾਮ ਜਨਮ ਭੂਮੀ ਮੰਦਰ ਦੇ ਭੂਮੀ ਪੂਜਨ ਮੌਕੇ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਇਹ ਖੁਸ਼ੀ ਦਾ ਪਲ ਹੈ। ਉਨ੍ਹਾਂ ਕਿਹਾ ਕਿ ਕਈ ਤਰੀਕਿਆਂ ਨਾਲ ਸਾਨੂੰ ਖੁਸ਼ੀ ਹੈ, ਇਕ ਪ੍ਰਣ ਲਿਆ ਸੀ, ਪਰ ਮੈਨੂੰ ਯਾਦ ਹੈ ਉਸ ਵੇਲੇ ਸਾਡੇ ਸਰ ਸੰਘਚਾਲਕ ਬਾਲਾ ਸਾਹਿਬ ਦਿਵਰਸ ਜੀ ਨੇ ਕਦਮ ਅੱਗੇ ਵਧਾਉਣ ਤੋਂ ਪਹਿਲਾਂ ਸਾਨੂੰ ਇਹ ਗੱਲ ਯਾਦ ਦਿਵਾਈ ਸੀ। ਉਨ੍ਹਾਂ ਕਿਹਾ ਕਿ 30 ਸਾਲ ਕੰਮ ਕਰਨਾ ਪਏਗਾ, ਫਿਰ ਇਹ ਕੰਮ ਪੂਰਾ ਹੋਵਗਾ। ਅੱਜ ਅਸੀਂ ਉਸ ਪ੍ਰਣ ਨੂੰ ਪੂਰਾ ਕੀਤਾ। ਇਸ ਪ੍ਰਣ ਦੀ ਪੂਰਤੀ ਦਾ ਅਨੰਦ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਰਾਮ ਮੰਦਰ ਲਈ ਕੁਰਬਾਨੀਆਂ ਦਿੱਤੀਆਂ ਹਨ ਅਤੇ ਉਹ ਇੱਥੇ ਇੱਕ ਸੂਖਮ ਰੂਪ ਵਿੱਚ ਮੌਜੂਦ ਹਨ।

ਰਾਮ ਮੰਦਰ ਲਈ ਕੁਰਬਾਨੀ ਦੇਣ ਵਾਲਿਆਂ ਨੂੰ ਕੀਤਾ ਯਾਦ

ਭਾਗਵਤ ਨੇ ਕਿਹਾ ਕਿ ਬਹੁਤ ਸਾਰੇ ਲੋਕ ਹਨ ਜੋ ਅੱਜ ਇੱਥੇ ਨਹੀਂ ਆ ਸਕਦੇ। ਇਸ ਮੌਕੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅਡਵਾਨੀ ਜੀ ਆਪਣੇ ਘਰ ਬੈਠ ਕੇ ਇਹ ਪ੍ਰੋਗਰਾਮ ਵੇਖ ਰਹੇ ਹੋਣਗੇ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ। ਲੋਕਾਂ ਦੀ ਸਦੀਆਂ ਦੀ ਉਮੀਦ ਪੂਰੀ ਹੋਣ ਦੀ ਖੁਸ਼ੀ ਹੈ। ਸਭ ਤੋਂ ਵੱਡੀ ਖੁਸ਼ੀ ਭਾਰਤ ਨੂੰ ਸਵੈ-ਨਿਰਭਰ ਬਣਾਉਣ ਲਈ ਜਿਸ ਆਤਮਵਿਸ਼ਵਾਸ ਦੀ ਲੋੜ ਸੀ, ਉਸਦਾ ਅੱਜ ਸ਼ੁਭ ਅਰੰਭ ਹੋਣ ਜਾ ਰਿਹਾ ਹੈ।

ਉਨ੍ਹਾਂ ਨੇ ਰਾਮ ਮੰਦਰ ਦੇ ਲਈ ਬਲੀਦਾਨ ਦੇਣ ਵਾਲੇ ਲੋਕਾਂ ਨੂੰ ਯਾਦ ਕੀਤਾ। ਭਾਗਵਤ ਨੇ ਕਿਹਾ ਕਿ ਅੱਜ ਜੇਕਰ ਅਸ਼ੋਕ ਜੀ ਹੁੰਦੇ ਤਾਂ ਕਿੰਨਾਂ ਚੰਗਾ ਹੁੰਦਾ। ਰਾਮਚੰਦਰ ਦਾਸ ਜੀ ਹੁੰਦੇ ਤਾਂ ਹੋਰ ਬਿਹਤਰ ਹੁੰਦਾ, ਪਰ ਮੇਰਾ ਵਿਸ਼ਵਾਸ ਹੈ ਕਿ ਸ਼ਰੀਰ ਤੋਂ ਜਿਹੜੇ ਲੋਕ ਨਹੀਂ ਹਨ ਉਹ ਸੂਖਮ ਰੂਪ ਵਿੱਚ ਇਸ ਦਾ ਆਨੰਦ ਉਠਾ ਰਹੇ ਹੋਣਗੇ।

ਆਰਐੱਸਐੱਸ ਦੇ ਚੀਫ ਮੋਹਨ ਭਾਗਵਤ ਨੇ ਕਿਹਾ ਕਿ ਹੁਣ ਸਾਨੂੰ ਅਯੁੱਧਿਆ ਨੂੰ ਸਜਾਉਣਾ ਪਏਗਾ। ਸੰਪੂਰਨ ਦੁਨੀਆਂ ਨੂੰ ਸੁਖ ਸ਼ਾਂਤੀ ਦੇਣ ਵਾਲੇ ਭਾਰਤ ਨੂੰ ਅਸੀਂ ਖੜ੍ਹਾ ਕਰ ਸਕੀਏ। ਇਸ ਲਈ ਸਾਨੂੰ ਯੋਧਾ ਬਣਨਾ ਪਵੇਗਾ। ਇਸ ਮੰਦਰ ਦੇ ਸੰਪੂਰਨ ਹੋਣ ਤੋਂ ਪਹਿਲਾਂ, ਸਾਡੇ ਮਨ ਨੂੰ ਇਕ ਮੰਦਰ ਵਜੋਂ ਤਿਆਰ ਹੋਣਾ ਚਾਹੀਦਾ ਹੈ, ਇਸਦੀ ਸਭ ਤੋਂ ਵੱਧ ਜ਼ਰੂਰਤ ਹੈ। ਭਾਗਵਤ ਨੇ ਕਿਹਾ ਕਿ ਸਾਡੇ ਦਿਲ ਵਿੱਚ ਵੀ ਰਾਮ ਦਾ ਬਸੇਰਾ ਹੋਣਾ ਚਾਹੀਦਾ ਹੈ।

Posted By: Sunil Thapa