ਜੇਐੱਨਐੱਨ, ਗਾਜ਼ੀਆਬਾਦ : ਕੇਂਦਰ ਸਰਕਾਰ ਵੱਲੋਂ ਲਾਗੂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਯੂਪੀ ਗੇਟ 'ਤੇ ਚੱਲ ਰਹੇ ਧਰਨੇ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੂੰ ਫੋਨ 'ਤੇ ਧਮਕੀ ਮਿਲੀ ਹੈ। ਯੂਨੀਅਨ ਦੇ ਮੈਂਬਰ ਵਿਪਿਨ ਕੁਮਾਰ ਨੇ ਇਸ ਬਾਰੇ ਕੌਸ਼ਾਂਬੀ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਦੇ ਆਧਾਰ 'ਤੇ ਧਮਕੀ ਦੇਣ ਅਤੇ ਸੂਚਨਾ ਤਕਨੀਕ ਐਕਟ ਤਹਿਤ ਰਿਪੋਰਟ ਦਰਜ ਹੋਈ ਹੈ।

ਵਿਪਿਨ ਕੁਮਾਰ ਨੇ ਦੱਸਿਆ ਕਿ ਪਿਛਲੇ ਸਾਲ ਕਈ ਦਿਨਾਂ ਤੋਂ ਰਾਕੇਸ਼ ਟਿਕੈਤ ਨੂੰ ਇਕ ਮੋਬਾਈਲ ਨੰਬਰ ਤੋਂ ਵ੍ਹਟਸਐਪ ਕਾਲ ਅਤੇ ਮੈਸੇਜ ਆ ਰਹੇ ਹਨ। ਕਾਲ ਕਰਨ ਵਾਲਾ ਉਨ੍ਹਾਂ ਨਾਲ ਗਾਲੀ-ਗਲੋਚ ਕਰ ਰਿਹਾ ਹੈ। ਵਿਰੋਧ ਕਰਨ 'ਤੇ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਹੈ। ਰਾਕੇਸ਼ ਟਿਕੈਤ ਨੇ ਉਸ ਨੂੰ ਕਾਫੀ ਸਮਝਾਉਣ ਦੀ ਕਸ਼ਿਸ਼ ਕੀਤੀ। ਇਸ 'ਤੇ ਉਹ ਹੋਰ ਗਾਲੀ-ਗਲੋਚ ਕਰਨ ਲੱਗਾ। ਪੁਲਿਸ ਸੁਪਰਡੈਂਟ ਗਿਆਨ ਇੰਦਰ ਸਿੰਘ ਨੇ ਦੱਸਿਆ ਕਿ ਸਰਵਿਲਾਂਸ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਤਕ ਦੀ ਜਾਂਚ 'ਚ ਦੋਸ਼ੀ ਦੇ ਮੋਬਾਈਲ ਦੀ ਲੋਕੇਸ਼ਨ ਫਿਰੋਜ਼ਾਬਾਦ 'ਚ ਆਈ ਹੈ।

ਪਹਿਲਾਂ ਵੀ ਮਿਲ ਚੁੱਕੀ ਹੈ ਧਮਕੀ

ਯੂਪੀ ਗੇਟ 'ਤੇ 28 ਨਵੰਬਰ, 2020 ਤੋਂ ਧਰਨਾ ਚੱਲ ਰਿਹਾ ਹੈ। ਇਸ ਤੋਂ ਪਹਿਲਾਂ 26 ਦਸੰਬਰ ਨੂੰ ਰਾਕੇਸ਼ ਟਿਕੈਤ ਨੂੰ ਮੋਬਾਈਲ 'ਤੇ ਧਮਕੀ ਮਿਲੀ ਸੀ। ਉਸ ਸਮੇਂ ਉਨ੍ਹਾਂ ਦੇ ਸਹਾਇਕ ਅਰਜੁਨ ਬਾਲੀਆਨ ਦੀ ਸ਼ਿਕਾਇਤ 'ਤੇ ਕੌਸ਼ੰਬੀ ਥਾਣੇ 'ਚ ਰਿਪੋਰਟ ਦਰਜ ਹੋਈ ਸੀ। ਉਹ ਕਾਲ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਤੋਂ ਮਾਨਵ ਮਿਸ਼ਰਾ ਨੇ ਕੀਤੀ ਸੀ। ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ ਸੀ, ਜਿੱਥੇ ਉਸ ਨੂੰ ਜ਼ਮਾਨਤ ਮਿਲ ਗਈ ਸੀ।