ਨਵੀਂ ਦਿੱਲੀ (ਏਜੰਸੀਆਂ) : ਆਯੁਰਵੈਦ 'ਚ ਵਿੱਦਿਅਕ ਤੇ ਖੋਜ ਸੰਸਥਾਨ ਬਿੱਲ, 2020 ਬੁੱਧਵਾਰ ਨੂੰ ਰਾਜ ਸਭਾ ਤੋਂ ਪਾਸ ਹੋ ਗਿਆ। ਲੋਕ ਸਭਾ ਇਸ ਨੂੰ 19 ਮਾਰਚ ਨੂੰ ਹੀ ਪਾਸ ਕਰ ਚੁੱਕੀ ਹੈ। ਬਿੱਲ 'ਚ ਤਿੰਨ ਆਯੁਰਵੈਦਿਕ ਸੰਸਥਾਨਾਂ ਨੂੰ ਰਲਾ ਕੇ 'ਆਯੁਰਵੈਦ ਵਿੱਦਿਅਕ ਤੇ ਖੋਜ ਸੰਸਥਾਨ' (ਆਈਟੀਆਰਏ) ਸਥਾਪਤ ਕਰਨ ਦੀ ਤਜਵੀਜ਼ ਹੈ।

ਇਸ ਨੂੰ ਕੌਮੀ ਮਹੱਤਵ ਦੇ ਸੰਸਥਾਨ ਦਾ ਦਰਜ ਹਾਸਲ ਹੋਵੇਗਾ। ਕੋਰੋਨਾ ਤੋਂ ਇਨਫੈਕਟਿਡ ਆਯੂਸ਼ ਮੰਤਰੀ ਸ਼੍ਰੀਮਦ ਨਾਇਕ ਦੀ ਗ਼ੈਰ-ਹਾਜ਼ਰੀ 'ਚ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸਦਨ 'ਚ ਬਿੱਲ ਨੂੰ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਇਸ ਸਮੇਂ ਕੌਮੀ ਮਹੱਤਵ ਦੇ 103 ਸੰਸਥਾਨ ਹਨ ਪਰ ਇਕ ਵੀ ਆਯੁਰਵੈਦ ਦਾ ਨਹੀਂ ਹੈ।

ਜਾਮਨਗਰ ਦੇ ਸੰਸਥਾਨ ਨੂੰ ਇਸ ਲਈ ਚੁਣਿਆ ਗਿਆ ਹੈ ਕਿ ਇਹ ਦੇਸ਼ ਦਾ ਸਭ ਤੋਂ ਪੁਰਾਣਾ ਸੰਸਥਾਨ ਹੈ ਜਿਸ ਦੀ ਸਥਾਪਨਾ ਸਰਕਾਰ ਨੇ 1956 'ਚ ਕੀਤੀ ਸੀ। ਯਾਦ ਰਹੇ ਕਿ ਬਿੱਲ 'ਚ ਇੰਸਟੀਚਿਊਟ ਆਫ ਪੋਸਟ ਗ੍ਰੈਜੂਏਸ਼ਨ ਟੀਚਿੰਗ ਐਂਡ ਰਿਸਰਚ ਇਨ ਆਯੁਰਵੈਦ, ਸ੍ਰੀ ਗੁਲਾਮ ਕੁੰਵਰਬਾ ਆਯੁਰਵੈਦ ਮਹਾਵਿਦਿਆਲਿਆ ਤੇ ਇੰਡੀਅਨ ਇੰਸਟੀਚਿਊਟ ਆਫ ਆਯੁਰਵੈਦਿਕ ਫਾਰਮਾਸਿਊਟੀਕਲ ਸਾਇੰਸਿਜ਼ ਨੂੰ ਰਲਾ ਕੇ ਇਕ ਕਰਨ ਦੀ ਤਜਵੀਜ਼ ਹੈ।