ਨਵੀਂ ਦਿੱਲੀ (ਏਜੰਸੀ) : ਰਾਜ ਸਭਾ ਨੇ ਇਕ ਸਾਂਝੀ ਸੰਸਦੀ ਕਮੇਟੀ ਦੇ ਆਪਣੇ 10 ਮੈਂਬਰਾਂ ਨੂੰ ਨਾਮਜ਼ਦ ਕਰਨ ਲਈ ਮਤਾ ਪਾਸ ਕਰ ਦਿੱਤਾ। ਇਹ ਕਮੇਟੀ ਨਿੱਜੀ ਡਾਟਾ ਸੁਰੱਖਿਆ ਬਿੱਲ 2019 ਦੀ ਸਮੀਖਿਆ ਕਰੇਗੀ। ਬਿੱਲ ਨੂੰ ਲੋਕ ਸਭਾ ਨੇ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ ਸੀ। ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਇਸ ਸਬੰਧੀ ਮਤਾ ਪੇਸ਼ ਕੀਤਾ ਜਿਸ ਨੂੰ ਰਾਜ ਸਭਾ ਨੇ ਜ਼ਬਾਨੀ ਪਾਸ ਕਰ ਦਿੱਤਾ। ਕਮੇਟੀ 'ਚ ਲੋਕ ਸਭਾ ਦੇ 20 ਤੇ ਰਾਜ ਸਭਾ ਦੇ 10 ਮੈਂਬਰ ਹੋਣਗੇ। ਕਮੇਟੀ 'ਚ ਜਿਨ੍ਹਾਂ ਨੂੰ ਮੈਂਬਰਾਂ ਦੇ ਰੂਪ 'ਚ ਸ਼ਾਮਿਲ ਕੀਤਾ ਜਾਣਾ ਹੈ, ਉੱਚ ਸਦਨ ਨੇ ਉਨ੍ਹਾਂ ਦੇ ਨਾਂ ਦਿੱਤੇ ਹਨ। ਮਤੇ ਮੁਤਾਬਕ ਕਮੇਟੀ ਦੇ ਮੈਂਬਰਾਂ 'ਚ ਭੂਪਿੰਦਰ ਯਾਦਵ, ਸੁਰੇਸ਼ ਪ੍ਰਭੂ, ਰਾਜੀਵ ਚੰਦਰਸ਼ੇਖਰ, ਅਸ਼ਵਨੀ ਵੈਸ਼ਣਵ, ਜੈਰਾਮ ਰਮੇਸ਼, ਵਿਵੇਕ ਕੇ. ਤਨਖਾ, ਡੇਰੇਕ ਓ ਬ੍ਰਾਇਨ, ਨਵਨੀਤ ਕ੍ਰਿਸ਼ਣਨ, ਰਾਮਗੋਪਾਲ ਯਾਦਵ ਤੇ ਅਮਰ ਪਟਨਾਇਕ ਸ਼ਾਮਲ ਹਨ। ਕਮੇਟੀ ਬਜੇਟ ਇਜਲਾਸ ਦੀ ਸਮਾਪਤੀ ਤੋਂ ਪਹਿਲਾਂ ਆਪਣੀ ਰਿਪੋਰਟ ਸੌਂਪ ਸਕਦੀ ਹੈ। ਆਮ ਤੌਰ 'ਤੇ ਬਜਟ ਇਜਲਾਸ ਜਵਨਰੀ ਦੇ ਆਖ਼ਰੀ ਹਫ਼ਤੇ ਸ਼ੁਰੂ ਹੁੰਦਾ ਹੈ।