ਚੇਨੱਈ, ਏਜੰਸੀ : ਸਾਬਕਾ ਪੀਐੱਮ ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੇ ਪਿਛਲੀ ਰਾਤ ਜੇਲ੍ਹ 'ਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਨਲਿਨੀ ਵੇਲੋਰ ਜੇਲ੍ਹ 'ਚ ਬੰਦ ਹੈ ਜਿੱਥੇ ਉਸ ਨੇ ਕਥਿਤ ਤੌਰ 'ਤੇ ਆਤਮਹੱਤਿਆ ਕਰਨ ਦਾ ਯਤਨ ਕੀਤਾ। ਇਸ ਬਾਰੇ ਨਲਿਨੀ ਦੇ ਵਕੀਲ ਪੁਗਲੇਂਤੀ ਨੇ ਜਾਣਕਾਰੀ ਦਿੱਤੀ।

ਨਲਿਨੀ ਦੇ ਵਕੀਲ ਪੁਗਲੇਂਤੀ ਮੁਤਾਬਕ ਜੇਲ੍ਹ 'ਚ ਪਿਛਲੇ 29 ਸਾਲ ਤੋਂ ਬੰਦ ਨਲਿਨੀ ਨਾਲ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਉਸ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਵਕੀਲ ਨੇ ਦੱਸਿਆ ਕਿ ਜੇਲ੍ਹ 'ਚ ਨਲਿਨੀ ਤੇ ਇਕ ਕੈਦੀ 'ਚ ਕਥਿਤ ਤੌਰ 'ਤੇ ਲੜਾਈ ਹੋਈ ਸੀ। ਨਲਿਨੀ ਦੀ ਜਿਸ ਨਾਲ ਲੜਾਈ ਹੋਈ ਸੀ ਉਹ ਵੀ ਉਮਰ ਕੈਦ ਦੀ ਸਜ਼ਾ 'ਚ ਬੰਦ ਹੈ। ਇਸ ਕੈਦੀ ਨੇ ਲੜਾਈ ਦੀ ਸ਼ਿਕਾਇਤ ਜੇਲ੍ਹਰ ਨਾਲ ਕੀਤੀ ਜਿਸ ਤੋਂ ਬਾਅਦ ਨਲਿਨੀ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।

ਵਕੀਲ ਨੇ ਕਿਹਾ ਕਿ ਨਲਿਨੀ ਨੇ ਅਜਿਹੀ ਕੋਸ਼ਿਸ਼ ਕਦੀ ਪਹਿਲਾਂ ਨਹੀਂ ਕੀਤੀ ਇਸ ਲਈ ਇਸ ਦੀ ਅਸਲੀ ਵਜ੍ਹਾ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਗਲੇਂਤੀ ਨੇ ਕਿਹਾ ਕਿ ਨਲਿਨੀ ਦਾ ਪਤੀ ਮੁਰੂਗਨ ਵੀ ਰਾਜੀਵ ਗਾਂਧੀ ਹੱਤਿਆਕਾਂਡ 'ਚ ਜੇਲ੍ਹ 'ਚ ਬੰਦ ਹੈ। ਉਸ ਨੇ ਬੇਨਤੀ ਕੀਤੀ ਹੈ ਕਿ ਨਲਿਨੀ ਨੂੰ ਵੇਲੋਰ ਜੇਲ੍ਹ ਤੋਂ ਪੁਝਲ ਜੇਲ੍ਹ 'ਚ ਸ਼ਿਫਟ ਕਰ ਦਿੱਤਾ ਜਾਵੇ। ਵਕੀਲ ਪੁਗਲੇਂਤੀ ਨੇ ਕਿਹਾ ਕਿ ਮੁਰੂਗਨ ਦੀ ਇਸ ਮੰਗ ਨੂੰ ਕੋਰਟ 'ਚ ਚੁੱਕਿਆ ਜਾਵੇਗਾ।

ਪਿਛਲੇ 29 ਸਾਲਾਂ ਤੋਂ ਜੇਲ੍ਹ 'ਚ ਬੰਦ ਹੈ ਨਲਿਨੀ

ਰਾਜੀਵ ਦੀ ਹੱਤਿਆ ਦੀ ਦੋਸ਼ੀ ਨਲਿਨੀ 29 ਸਾਲਾਂ ਤੋਂ ਜੇਲ੍ਹ 'ਚ ਬੰਦ ਹੈ। ਉਹ ਦੁਨੀਆ 'ਚ ਸਭ ਤੋਂ ਜ਼ਿਆਦਾ ਲੰਬੇ ਸਮੇਂ ਤਕ ਕੈਦ ਕੱਟ ਰਹੀ ਪਹਿਲੀ ਔਰਤ ਹੈ। ਉਹ ਐੱਲਟੀਟੀਈ ਲਈ ਕੰਮ ਕਰਨ ਵਾਲੇ ਮੁਰੂਗਮ ਸ੍ਰੀਹਰਣ ਦੀ ਕਰੀਬੀ ਸਹਿਯੋਗੀ ਸੀ। ਦੋਵਾਂ ਨੇ ਵਿਆਹ ਕਰਵਾ ਲਿਆ ਸੀ। ਜਦੋਂ ਨਲਿਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਦੋਂ ਉਹ ਦੋ ਮਹੀਨੇ ਦੇ ਗਰਭਵਤੀ ਸੀ। ਜੇਲ੍ਹ 'ਚ ਹੀ ਉਸ ਨੇ ਇਕ ਬੇਟੀ ਨੂੰ ਜਨਮ ਦਿੱਤਾ। ਉਹੀਂ ਲੜਕੀ ਅਰਿਥ੍ਰਾ ਹੁਣ ਲੰਡਨ 'ਚ ਡਾਕਟਰ ਹੈ। ਚੇਨੱਈ 'ਚ ਜਨਮੀ ਨਲਿਨੀ ਨੇ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਕੀਤੀ ਤੇ ਸ੍ਰੀਹਰਣ ਦੇ ਉਸ ਦੀ ਜ਼ਿੰਦਗੀ 'ਚ ਆਉਣ ਤੋਂ ਪਹਿਲਾਂ ਇਕ ਨਿੱਜੀ ਕੰਪਨੀ 'ਚ ਕੰਮ ਕਰਦੀ ਸੀ।

Posted By: Ravneet Kaur