ਸਟੇਟ ਬਿਊਰੋ, ਜੈਪੁਰ : ਰਾਜਸਥਾਨ 'ਚ ਸੂਬਾ ਸਰਕਾਰ ਨੇ ਮਾਸਕ ਨਾ ਪਾਉਣ ਨੂੰ ਸਜ਼ਾਯੋਗ ਅਪਰਾਧ ਐਲਾਨ ਕਰ ਦਿੱਤਾ ਹੈ। ਹੁਣ ਮਾਸਕ ਨਾ ਪਾਉਣ 'ਤੇ ਇਕ ਸਾਲ ਦੀ ਸਜ਼ਾ ਜਾਂ ਜੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਹਨ। ਆਫ਼ਤ ਮੈਨੇਜਮੈਂਟ ਐਕਟ-2005 ਤਹਿਤ ਬਿਨਾਂ ਮਾਸਕ ਪਹਿਨੇ ਘੁੰਮਣਾ ਸਜ਼ਾਯੋਗ ਅਪਰਾਧ ਮੰਨਿਆ ਜਾਵੇਗਾ।

ਰਾਜਸਥਾਨ ਦੇ ਮੁੱਖ ਸਕੱਤਰ ਡੀਬੀ ਗੁਪਤਾ ਨੇ ਸੂਬੇ ਦੇ ਸਾਰੇ ਕਲੈਕਟਰਾਂ ਨੂੰ ਇਹ ਆਦੇਸ਼ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਸੂਬੇ ਵਿਚ 20 ਅਪ੍ਰਰੈਲ ਤੋਂ ਤਿੰਨ ਮਈ ਤਕ ਜਾਰੀ ਲਾਕਡਾਊਨ ਦੌਰਾਨ ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ ਹੈ। ਕਲੈਕਟਰ ਸਮੇਤ ਸਾਰੇ ਜ਼ਿਲਿ੍ਹਆਂ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਆਦੇਸ਼ ਦਾ ਸਖ਼ਤੀ ਨਾਲ ਪਾਲਣ ਕਰਵਾਉਣ। ਦੱਸਣਯੋਗ ਹੈ ਕਿ ਰਾਜਸਥਾਨ ਸਰਕਾਰ ਨੇ ਮਾਸਕ ਪਾਉਣਾ ਪਹਿਲਾਂ ਹੀ ਲਾਜ਼ਮੀ ਕਰ ਦਿੱਤਾ ਸੀ, ਪਰ ਹੁਣ ਇਸ ਨੂੰ ਸਜ਼ਾਯੋਗ ਅਪਰਾਧ ਐਲਾਨ ਕਰਕੇ ਹੋਰ ਸਖ਼ਤ ਕਰ ਦਿੱਤਾ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਸੋਮਵਾਰ ਤੋਂ ਸੂਬੇ ਵਿਚ ਕੁਝ ਛੋਟ ਨਾਲ ਲਾਕਡਾਊਨ ਲਾਗੂ ਹੈ। ਅਜਿਹੇ ਵਿਚ ਇਨਫੈਕਸ਼ਨ ਨੂੰ ਰੋਕਣ ਲਈ ਇਹ ਸਖ਼ਤੀ ਕੀਤੀ ਗਈ ਹੈ।