ਜੈਪੁਰ : ਰਾਜਸਥਾਨ ਵਿਚ ਤਿੰਨ ਦਿਨਾਂ ਤੋਂ ਚੱਲ ਰਿਹਾ ਗੁੱਜਰ ਅੰਦੋਲਨ ਐਤਵਾਰ ਨੂੰ ਹੋਰ ਭਖ ਗਿਆ। ਧੌਲਪੁਰ ਵਿਚ ਦਿੱਲੀ-ਮੁੰਬਈ ਰਾਸ਼ਟਰੀ ਰਾਜਮਾਰਗ ਗਿਣਤੀ-3 ਨੂੰ ਜਾਮ ਕਰਨ ਦੌਰਾਨ ਅੰਦੋਲਨਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਵਿਚ ਝੜਪ ਹੋ ਗਈ। ਇਸ ਦੌਰਾਨ ਭੀੜ ਨੇ ਪੁਲਿਸ 'ਤੇ ਪਥਰਾਅ ਕਰ ਦਿੱਤਾ। ਇਸ ਦੇ ਜਵਾਬ ਵਿਚ ਪੁਲਿਸ ਨੇ ਵੀ ਹਵਾਈ ਫਾਇਰਿੰਗ ਕੀਤੀ। ਇਸ ਨਾਲ ਉੱਥੇ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਨਾਰਾਜ਼ ਅੰਦੋਲਨਕਾਰੀਆਂ ਨੇ ਤਿੰਨ ਵਾਹਨਾਂ ਨੂੰ ਅੱਗ ਹਵਾਲੇ ਕਰ ਦਿੱਤਾ। ਇਸ ਨਾਲ ਤਣਾਅ ਵਾਲਾ ਮਾਹੌਲ ਪੈਦਾ ਹੋ ਗਿਆ ਹੈ।

ਹਿੰਸਕ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਪਹਿਲੇ ਤਾਂ ਅੱਥਰੂ ਗੈਸ ਦੇ ਗੋਲ਼ੇ ਛੱਡੇ ਅਤੇ ਫਿਰ ਹਵਾ ਵਿਚ ਫਾਇਰਿੰਗ ਕੀਤੀ। ਇਸ ਦੌਰਾਨ ਅੱਧਾ ਦਰਜਨ ਪੁਲਿਸ ਜਵਾਨ ਤੇ ਕੁਝ ਅੰਦੋਲਨਕਾਰੀ ਜ਼ਖ਼ਮੀ ਹੋ ਗਏ। ਕਰੀਬ ਡੇਢ ਘੰਟੇ ਤਕ ਹਾਈਵੇ ਜਾਮ ਰਿਹਾ

ਹਾਲਾਂਕਿ, ਪੁਲਿਸ ਨੇ ਬਾਅਦ ਵਿਚ ਜਾਮ ਖੁਲਵਾ ਕੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਵਾਈ। ਪੁਲਿਸ ਨੇ ਖੇਤਰ ਵਿਚ ਧਾਰਾ 144 ਲਾਗੂ ਕਰ ਦਿੱਤੀ ਹੈ। ਪੁਲਿਸ ਸੁਪਰਡੈਂਟ ਅਜੇ ਸਿੰਘ ਦਾ ਕਹਿਣਾ ਹੈ ਕਿ ਹੁਣ ਸ਼ਾਂਤੀ ਬਹਾਲ ਹੋ ਗਈ ਹੈ। ਵਾਹਨਾਂ ਦੀ ਆਵਾਜਾਈ ਵੀ ਹੋ ਰਹੀ ਹੈ।

ਬੂੰਦੀ ਜ਼ਿਲ੍ਹੇ ਦੇ ਨੈਨਵਾ ਵਿਚ ਗੁੱਜਰਾਂ ਨੇ ਮਹਾਪੰਚਾਇਤ ਕਰਨ ਪਿੱਛੋਂ ਹਾਈਵੇ 'ਤੇ ਜਾਮ ਲਗਾ ਦਿੱਤਾ। ਇਥੇ ਗੁੱਜਰ ਸਮਾਜ ਦੇ ਨੌਜਵਾਨ ਹਾਈਵੇ 'ਤੇ ਰਾਜਸਥਾਨੀ ਲੋਕ ਗੀਤਾਂ 'ਤੇ ਨਿ੍ਤ ਕਰਨ ਦੇ ਨਾਲ ਹੀ ਸਰਕਾਰ ਵਿਰੋਧੀ ਨਾਅਰੇ ਲਗਾ ਰਹੇ ਸਨ। ਗੁੱਜਰ ਰਾਖਵਾਂਕਰਨ ਸੰਘਰਸ਼ ਕਮੇਟੀ ਦੇ ਕਨਵੀਨਰ ਕਰਨਲ ਕਰੋੜੀ ਸਿੰਘ ਬੈਂਸਲਾ ਅਤੇ ਬੁਲਾਰੇ ਸੈਲੇਂਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਤੋਂ ਅੰਦੋਲਨ ਪੂਰੇ ਸੂਬੇ ਵਿਚ ਫੈਲ ਜਾਵੇਗਾ। ਹੁਣ ਜੋ ਵੀ ਹੋਵੇਗਾ ਉਸ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੋਵੇਗੀ।

ਉਧਰ, ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦਿੱਲੀ ਤੋਂ ਪਰਤਣ ਪਿੱਛੋਂ ਐਤਵਾਰ ਸ਼ਾਮ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਪੂਰੇ ਘਟਨਾਕ੍ਰਮ 'ਤੇ ਚਰਚਾ ਕੀਤੀ। ਮੀਟਿੰਗ ਵਿਚ ਇਹ ਤੈਅ ਕੀਤਾ ਗਿਆ ਕਿ ਸਰਕਾਰ ਇਕ ਵਾਰ ਫਿਰ ਗੁੱਜਰ ਆਗੂਆਂ ਦੇ ਸਾਹਮਣੇ ਵਾਰਤਾ ਦਾ ਪ੍ਸਤਾਵ ਭੇਜੇਗੀ। ਇਸ ਤੋਂ ਪਹਿਲੇ ਸ਼ਨਿਚਰਵਾਰ ਨੂੰ ਕੈਬਨਿਟ ਮੰਤਰੀ ਵਿਸ਼ਵੇਂਦਰ ਸਿੰਘ ਗੁੱਜਰ ਆਗੂਆਂ ਨੂੰ ਮਿਲਣ ਗਏ ਸਨ।

ਐੱਨਐੱਚ-21 ਨੂੰ ਅੱਜ ਕਰਨਗੇ ਜਾਮ

ਦੌਸਾ ਜ਼ਿਲ੍ਹੇ ਦੇ ਗੁੱਜਰਾਂ ਨੇ ਐਤਵਾਰ ਨੂੰ ਮਹਾਪੰਚਾਇਤ ਕਰ ਕੇ ਸੋਮਵਾਰ ਸਵੇਰੇ 11 ਵਜੇ ਸਿਕੰਦਰਾ ਚੌਰਾਹੇ 'ਤੇ ਨੈਸ਼ਨਲ ਹਾਈਵੇ-21 ਜਾਮ ਕਰਨ ਦਾ ਐਲਾਨ ਕੀਤਾ ਹੈ।

ਅੰਦੋਲਨ ਕਾਰਨ 20 ਰੇਲਗੱਡੀਆਂ ਪ੍ਭਾਵਿਤ

ਗੁੱਜਰ ਅੰਦੋਲਨ ਕਾਰਨ ਐਤਵਾਰ ਨੂੰ 20 ਰੇਲਗੱਡੀਆਂ ਪ੍ਭਾਵਿਤ ਹੋਈਆਂ। ਇਨ੍ਹਾਂ ਵਿਚੋਂ ਕੁਝ ਨੂੰ ਰੱਦ ਕੀਤਾ ਗਿਆ ਤੇ ਕੁਝ ਦਾ ਰਸਤਾ ਬਦਲਿਆ ਗਿਆ। ਗੁੱਜਰ ਬਹੁਲਤਾ ਵਾਲੇ ਇਲਾਕਿਆਂ 'ਚ ਰੋਡਵੇਜ਼ ਅਤੇ ਨਿੱਜੀ ਬੱਸਾਂ ਦੀ ਆਵਾਜਾਈ ਬੰਦ ਹੋ ਗਈ ਹੈ।

ਹੁਣ ਰੇਲ ਟਰੈਕ 'ਤੇ ਹੀ ਹੋਵੇਗੀ ਗੱਲਬਾਤ

ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਤਿੰਨ ਦਿਨ ਤੋਂ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਮਲਾਰਨਾ ਡੂੰਗਰ ਵਿਚ ਦਿੱਲੀ-ਮੁੰਬਈ ਰੇਲਵੇ ਟਰੈਕ 'ਤੇ ਡੇਰਾ ਲਾਈ ਬੈਠੇ ਗੁੱਜਰ ਹੁਣ 'ਟਾਕ ਆਨ ਟਰੈਕ' 'ਤੇ ਆ ਗਏ ਹਨ। ਉਨ੍ਹਾਂ ਅਨੁਸਾਰ ਹੁਣ ਅਗਲੀ ਗੱਲਬਾਤ ਟਰੈਕ 'ਤੇ ਹੀ ਹੋਵੇਗੀ।

ਕਈ ਪ੍ਰੀਖਿਆਵਾਂ ਮੁਲਤਵੀ

ਅੰਦੋਲਨ ਕਾਰਨ ਸਰਕਾਰ ਨੇ ਐਤਵਾਰ ਨੂੰ ਹੋਣ ਵਾਲੀ ਖੇਤੀ ਸਰਵੇਅਰਾਂ ਅਤੇ ਔਰਤ ਆਂਗਨਵਾੜੀ ਕਾਰਕੁੰਨਾਂ ਦੀ ਸਿੱਧੀ ਭਰਤੀ ਪ੍ਰੀਖਿਆ ਮੁਲਤਵੀ ਕਰ ਦਿੱਤੀ। ਇਨ੍ਹਾਂ ਪ੍ਰੀਖਿਆਵਾਂ 'ਚ 1.19 ਲੱਖ ਉਮੀਦਵਾਰ ਬੈਠਣ ਵਾਲੇ ਸਨ। ਪ੍ਰੀਖਿਆ ਲਈ ਜੈਪੁਰ, ਕੋਟਾ ਅਤੇ ਅਜਮੇਰ ਵਿਚ ਸੈਂਟਰ ਬਣਾਏ ਗਏ ਸਨ।

ਜ਼ਿਕਰਯੋਗ ਹੈ ਕਿ ਪੰਜ ਫ਼ੀਸਦੀ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਰੇਲ ਦੀਆਂ ਪੱਟੜੀਆਂ 'ਤੇ ਬੈਠੇ ਗੁੱਜਰ ਅੰਦੋਲਨਕਾਰੀਆਂ ਤੇ ਸਰਕਾਰ ਵਿਚਕਾਰ ਸ਼ਨਿਚਰਵਾਰ ਸ਼ਾਮ ਹੋਈ ਪਹਿਲੇ ਦੌਰ ਦੀ ਗੱਲਬਾਤ 'ਚ ਗੱਲ ਨਹੀਂ ਬਣੀ। ਸਰਕਾਰ ਵੱਲੋਂ ਗੱਲਬਾਤ ਦਾ ਸੱਦਾ ਲੈ ਕੇ ਪੁੱਜੇ ਮੰਤਰੀ ਵਿਸ਼ਵੇਂਦਰ ਸਿੰਘ ਨੂੰ ਗੁੱਜਰ ਆਗੂ ਕਰਨ ਕਿਰੋੜੀ ਮੱਲ ਬੈਂਸਲਾ ਨੇ ਸਾਫ਼ ਕਰ ਦਿੱਤਾ ਕਿ ਗੱਲਬਾਤ ਲਈ ਕੋਈ ਵਫ਼ਦ ਕਿਤੇ ਨਹੀਂ ਜਾਵੇਗਾ। ਜੋ ਵੀ ਗੱਲ ਹੋਵੇਗੀ ਇੱਥੇ ਹੀ ਹੋਵੇਗੀ। ਸਾਡਾ ਅੰਦੋਲਨ ਜਾਰੀ ਰਹੇਗਾ। ਇਸ ਦਰਮਿਆਨ ਦਿੱਲੀ-ਮੁੰਬਈ ਟਰੈਕ ਬੰਦ ਹੋਣ ਨਾਲ ਰੇਲ ਗੱਡੀਆਂ ਦੀ ਆਵਾਜਾਈ ਪ੍ਭਾਵਿਤ ਰਹੀ।

Posted By: Seema Anand