ਜੇਐੱਨਐੱਨ, ਜੈਪੁਰ : ਰਾਜਸਥਾਨ 'ਚ ਚੁਰੂ ਜ਼ਿਲ੍ਹੇ ਦੇ ਰਾਜਗੜ੍ਹ ਪੁਲਿਸ ਥਾਣਾ ਅਧਿਕਾਰੀ ਵਿਸ਼ਨੂੰਦੱਤ ਬਿਸ਼ਨੋਈ ਨੇ ਸ਼ਨਿਚਰਵਾਰ ਸਵੇਰੇ ਆਪਣੇ ਸਰਕਾਰੀ ਕੁਆਰਟਰ 'ਚ ਫਾਹਾ ਲੈ ਲਿਆ। ਸਵੇਰੇ ਕਾਫੀ ਦੇਰ ਤਕ ਕੁਆਰਟਰ ਤੋਂ ਬਾਹਰ ਨਾ ਆਉਣ 'ਤੇ ਉਨ੍ਹਾਂ ਦੇ ਸਟਾਫ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਉਸ ਨੇ ਫਾਹਾ ਲਿਆ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਬੀਕਾਨੇਰ ਰੇਂਜ ਦੇ ਆਈਜੀ ਜੋਸ ਮੋਹਨ ਤੇ ਚੁਰੂ ਦੇ ਐੱਸਪੀ ਤੇਜਸਵਿਨੀ ਗੌਤਮ ਸਮੇਤ ਆਹਲਾ ਅਧਿਕਾਰੀ ਤੇ ਐੱਫਐੱਸਐੱਲ ਟੀਮ ਮੌਕੇ 'ਤੇ ਪੁੱਜੀ। ਮੌਕਾ ਮੁਆਇਨਾ ਕਰਨ ਤੋਂ ਬਾਅਦ ਲਾਸ਼ ਨੂੰ ਹਸਪਤਾਲ ਲਿਆ ਗਿਆ, ਜਿਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਇਸ ਵਿਚਾਲੇ ਮਾਮਲੇ ਦੀ ਜਾਂਚ ਸੀਆਈਡੀ ਨੂੰ ਸੌਂਪ ਦਿੱਤੀ ਗਈ। ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਇਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ 'ਚ ਖ਼ੁਦਕੁਸ਼ੀ ਲਈ ਮਾਤਾ-ਪਿਤਾ ਤੋਂ ਮਾਫ਼ੀ ਮੰਗਦੇ ਹੋਏ ਛੋਟੇ ਭਰਾ ਨੂੰ ਪਰਿਵਾਰ ਦੀ ਜ਼ਿੰਮੇਵਾਰ ਸੰਭਾਲਣ ਲਈ ਕਿਹਾ ਗਿਆ ਹੈ। ਪਤਾ ਲੱਗਾ ਕਿ ਖ਼ੁਦਕੁਸ਼ੀ ਤੋਂ ਇਕ ਪਹਿਲਾਂ ਵਿਸ਼ਨੂੰਦੱਤ ਨੇ ਆਪਣੇ ਜਾਣੂੰ ਸੋਸ਼ਲ ਐਕਟਿਵਿਸਟ ਨਾਲ ਵ੍ਹਟਸਐਪ 'ਤੇ ਚੈਟਿੰਗ ਕੀਤੀ ਸੀ, ਜਿਸ 'ਚ ਲਿਖਿਆ ਸੀ ਕਿ ਉਸ ਨੂੰ ਗੰਦੀ ਸਿਆਸਤ 'ਚ ਫਸਾਉਣ ਦੀ ਕੋਸ਼ਿਸ ਹੋ ਰਹੀ ਹੈ।