ਜਾ.ਸ, ਉਦੇਪੁਰ : ਬਾਗੇਸ਼ਵਰ ਧਾਮ ਦੇ ਪੀਠਾਧੀਸ਼ ਪੰਡਤ ਧੀਰੇਂਦਰ ਸ਼ਾਸਤਰੀ ਖ਼ਿਲਾਫ਼ ਉਦੇਪੁਰ ਦੇ ਹਾਥੀਪੋਲ ਥਾਣੇ ’ਚ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਧੀਰੇਂਦਰ ਸ਼ਾਸਤਰੀ ਨੇ ਇੱਥੇ ਮਹਾਰਾਣਾ ਭੂਪਾਲ ਸਟੇਡੀਅਮ ’ਚ ਭਾਰਤੀ ਨਵੇਂ ਸਾਲ ’ਤੇ ਹੋਈ ਧਰਮ ਸਭਾ ’ਚ ਭੜਕਾਊ ਤਰੀਕੇ ਨਾਲ ਕੁੰਭਲਗੜ੍ਹ ਕਿਲ੍ਹੇ ’ਤੇ ਭਗਵਾ ਝੰਡਾ ਲਹਿਰਾਉਣ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਰਾਜਸਮੰਦ ਦੇ ਪੰਜ ਨੌਜਵਾਨ ਕੁੰਭਲਗੜ੍ਹ ਕਿਲੇ੍ਹ ’ਤੇ ਭਗਵਾ ਝੰਡਾ ਲਹਿਰਾਉਣ ਲਈ ਪਹੁੰਚ ਗਏ ਸਨ। ਨੌਜਵਾਨਾਂ ਨੇ ਉੱਥੇ ਹੰਗਾਮਾ ਕੀਤਾ ਸੀ। ਪੁਲਿਸ ਸੁਪਰਡੈਂਟ ਵਿਕਾਸ ਸ਼ਰਮਾ ਨੇ ਕਿਹਾ ਕਿ ਰਾਜਸਮੰਦ ਜ਼ਿਲ੍ਹੇ ਦੀ ਕੇਲਵਾੜਾ ਥਾਣਾ ਪੁਲਿਸ ਨੇ ਪੰਜ ਨੌਜਵਾਨਾਂ ਨੂੰ ਗਿ੍ਰਫ਼ਤਾਰ ਕੀਤਾ ਸੀ। ਉਦੇਪੁਰ ਪੁਲਿਸ ਨੇ ਖੁਦ ਨੋਟਿਸ ਲੈਂਦੇ ਹੋਏ ਪੰਡਤ ਧੀਰੇਂਦਰ ਸ਼ਾਸਤਰੀ ਖ਼ਿਲਾਫ਼ ਆਈਪੀਸੀ ਦੀ ਧਾਰਾ 153 ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਵਿਚ ਭੜਕਾਊ ਭਾਸ਼ਣ ਦੇ ਕੇ ਸਮਾਜਿਕ ਭਾਈਚਾਰਾ ਵਿਗਾੜਨ ਦਾ ਦੋਸ਼ ਹੈ। ਪੁਲਿਸ ਦਾ ਕਹਿਣਾ ਹੈ ਕਿ ਉਦੇਪੁਰ ’ਚ ਹੋਏ ਜੀ-20 ਵਿੱਤੀ ਕਾਰਜ ਸਮੂਹ ਦੀ ਬੈਠਕ ’ਚ ਆਏ ਸੌ ਤੋਂ ਜ਼ਿਆਦਾ ਨੁਮਾਇੰਦੇ ਸ਼ੁੱਕਰਵਾਰ ਨੂੰ ਕੁੰਭਲਗੜ੍ਹ ਦੀ ਸੈਰ ਕਰਨ ਲਈ ਗਏ ਸਨ। ਇਸ ਦੇ ਲਈ ਤਾਇਨਾਤ ਪੁਲਿਸ ਨੇ ਭਗਵਾ ਝੰਡਾ ਲਹਿਰਾਉਣ ਪਹੁੰਚੇ ਪੰਜਾਂ ਨੌਜਵਾਨਾਂ ਨੂੰ ਗਿ੍ਰਫ਼ਤਾਰ ਕਰ ਲਿਆ ਸੀ।

Posted By: Sandip Kaur