ਨਵੀਂ ਦਿੱਲੀ, ਏਜੰਸੀ : ਰਾਜਸਥਾਨ, ਦਿੱਲੀ ਤੇ ਮਹਾਰਾਸ਼ਟਰ 'ਚ ਕਈ ਥਾਵਾਂ 'ਤੇ ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਰਾਜਸਥਾਨ 'ਚ ਸੀਐੱਮ ਅਸ਼ੋਕ ਗਹਿਲੋਤ ਨੂੰ ਕਰੀਬੀਆਂ ਦੇ ਟਿਕਾਣਿਆਂ 'ਤੇ ਵੀ ਆਈਟੀ ਵਿਭਾਗ ਦੀ ਛਾਪੇਮਾਰੀ ਚੱਲ ਰਹੀ ਹੈ। ਇਹ ਛਾਪੇਮਾਰੀ ਗਹਿਲੋਤ ਦੇ ਕਰੀਬੀ ਧਰਮਿੰਦਰ ਰਾਠੌਰ ਤੇ ਰਾਜੀਵ ਅਰੋੜਾ ਦੇ ਟਿਕਾਣਿਆਂ 'ਤੇ ਚੱਲ ਰਹੀ ਹੈ।

ਇਨਕਮ ਟੈਕਸ ਵਿਭਾਗ ਦੀ ਟੀਮ ਰਾਜਸਥਾਨ 'ਚ ਕਾਂਗਰਸ ਆਗੂ ਧਰਮਿੰਦਰ ਰਾਠੌਰ ਤੇ ਸੂਬਾ ਕਾਂਗਰਸ ਦਫ਼ਤਰ ਦੇ ਮੈਂਬਰ ਤੇ ਜਵੈਲਰੀ ਫਰਮ ਦੇ ਮਾਲਕ ਰਾਜੀਵ ਅਰੋੜਾ ਦੇ ਦਫ਼ਤਰ ਤੇ ਰਿਹਾਇਸ਼ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਆਈਟੀ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਛਾਪੇਮਾਰੀ ਟੈਕਸ ਚੋਰੀ ਦੀ ਸ਼ਿਕਾਇਤ 'ਤੇ ਕੀਤੀ ਜਾ ਰਹੀ ਹੈ।

ਸੂਤਰਾਂ ਮੁਤਾਬਕ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਇਥੋਂ ਨਕਦੀ, ਗਹਿਣੇ, ਸੰਪੱਤੀ ਦੇ ਕਾਗਜ਼ਾਤ ਤੇ ਲਾਕਰ ਜ਼ਬਤ ਕੀਤੇ ਹਨ। ਭੀਲਵਾੜਾ ਤੇ ਝਾਲਾਵਾੜ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਵਿਭਾਗ ਦੀ ਇਸ ਛਾਪੇਮਾਰੀ ਨੂੰ ਲੈ ਕੇ ਰਾਜਸਥਾਨ ਪੁਲਿਸ ਕੋਲ ਕੋਈ ਜਾਣਕਾਰੀ ਨਹੀਂ ਹੈ। ਗਹਿਲੋਤ ਦੇ ਕਰੀਬੀਆਂ ਦੇ ਘਰ ਸੀਆਰਪੀਐੱਫ ਦੀ ਮਦਦ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ।

ਉਧਰ ਰਾਜਸਥਾਨ ਸਰਕਾਰ ਦੇ ਮੁੱਖੀ ਮਹੇਸ਼ ਜੋਸ਼ੀ ਨੇ ਕਾਂਗਰਸ ਦੇ ਆਗੂਆਂ ਨਾਲ ਜੁੜੇ ਕੰਪਲੈਕਸ 'ਤੇ ਇਨਕਮ ਟੈਕਸ ਵਿਭਾਗ ਦੇ ਛਾਪੇ ਦੀ ਨਿੰਦਾ ਕੀਤੀ ਹੈ। ਜੋਸ਼ੀ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਅਜਿਹੀ ਛਾਪੇਮਾਰੀ ਤੋਂ ਅਸੀਂ ਡਰਨ ਵਾਲੇ ਨਹੀਂ ਹਾਂ। ਸਹਿਕਾਰਤਾ ਮੰਤਰੀ ਉਦੈਲਾਲ ਅੰਜਨਾ ਨੇ ਵੀ ਛਾਪੇਮਾਰੀ ਦੇ ਸਮੇਂ 'ਤੇ ਸਵਾਲ ਚੁੱਕਿਆ ਹੈ।

Posted By: Ravneet Kaur