ਸੰਜੇ ਮਿਸ਼ਰ, ਨਵੀਂ ਦਿੱਲੀ : ਰਾਜਸਥਾਨ 'ਚ ਕਾਂਗਰਸ ਦੀ ਅੰਦਰੂਨੀ ਸਿਆਸੀ ਜੰਗ ਦੇ ਪਹਿਲੇ ਰਾਊਂਡ 'ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵਿਧਾਇਕਾਂ ਦੀ ਹਮਾਇਤ ਦਾ ਦਮ ਦਿਖਾਉਂਦੇ ਹੋਏ ਆਪਣੀ ਸਰਕਾਰ 'ਤੇ ਮੰਡਰਾਉਂਦੇ ਖ਼ਤਰੇ ਨੂੰ ਫਿਲਹਾਲ ਟਾਲ਼ ਦਿੱਤਾ ਹੈ। ਪਰ ਪਾਰਟੀ ਦੇ ਇਸ ਗੰਭੀਰ ਸਿਆਸੀ ਸੰਕਟ ਦਾ ਖ਼ਾਤਮਾ ਹਾਲੇ ਨਹੀਂ ਹੋਇਆ। ਉੱਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਆਰ-ਆਰ-ਦੀ ਜੰਗ ਦਾ ਐਲਾਨ ਕਰਦਿਆਂ ਆਪਣੀਆਂ ਮੰਗਾਂ-ਸ਼ਰਤਾਂ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਹੈ। ਨਾਲ ਹੀ ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੂੰ ਨਕਾਰਦੇ ਹੋਏ ਪਾਇਲਟ ਨੇ 106 ਵਿਧਾਇਕਾਂ ਦੀ ਹਮਾਇਤ ਦੇ ਗਹਿਲੋਤ ਦੇ ਦਾਅਵੇ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਸੀਐੱਮ ਕੋਲ 84 ਵਿਧਾਇਕ ਹੀ ਹਨ। ਹਾਲਾਂਕਿ ਪਾਇਲਟ ਦੀ ਬਗ਼ਾਵਤ ਨੂੰ ਰੋਕਣ ਲਈ ਕਾਂਗਰਸ ਹਾਈ ਕਮਾਨ ਨੇ ਉਨ੍ਹਾਂ ਨੂੰ ਮਨਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਹਨ। ਇਸ ਲਈ ਸੁਲਾਹ ਦੇ ਫਾਰਮੂਲੇ ਦੇ ਨਾਲ ਬਗ਼ਾਵਤ ਦਾ ਰਸਤਾ ਛੱਡਣ 'ਤੇ ਪਾਇਲਟ ਦਾ ਸਿਆਸੀ ਸਨਮਾਨ ਕਾਂਗਰਸ 'ਚ ਕਾਇਮ ਰੱਖਣ ਦਾ ਬਦਲ ਖੁੱਲ੍ਹਾ ਰੱਖਣ ਦਾ ਵੀ ਸੰਦੇਸ਼ ਦਿੱਤਾ ਹੈ।

ਕਾਂਗਰਸ ਨੇ ਇਸੇ ਰਣਨੀਤੀ ਤਹਿਤ ਮੰਗਲਵਾਰ ਨੂੰ ਸਵੇਰੇ ਦਸ ਵਜੇ ਜੈਪੁਰ 'ਚ ਦੁਬਾਰਾ ਵਿਧਾਇਕ ਦਲ ਦੀ ਬੈਠਕ ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੀ ਸੰਕਟ ਹੱਲ ਮੁਹਿੰਮ ਦੀ ਜੈਪੁਰ 'ਚ ਕਮਾਨ ਸੰਭਾਲ ਰਹੇ ਰਣਦੀਪ ਸੁਰਜੇਵਾਲਾ ਨੇ ਇਸ ਦਾ ਐਲਾਨ ਕਰਦੇ ਹੋਏ ਪਾਇਲਟ ਤੇ ਉਨ੍ਹਾਂ ਦੇ ਹਮਾਇਤੀਆਂ ਨਾਲ ਇਸ ਬੈਠਕ 'ਚ ਸ਼ਾਮਲ ਹੋ ਕੇ ਨਾਰਾਜ਼ਗੀ ਨੂੰ ਲੈ ਕੇ ਖੁੱਲ੍ਹੀ ਚਰਚਾ ਕਰਨ ਦੀ ਅਪੀਲ ਕੀਤੀ। ਕਾਂਗਰਸ ਦੇ ਰਣਨੀਤੀਕਾਰਾਂ ਦਾ ਕਹਿਣਾ ਹੈ ਕਿ ਪਾਇਲਟ ਜੇਕਰ ਪਾਰਟੀ ਨਹੀਂ ਛੱਡਣਾ ਚਾਹੁੰਦੇ ਤਾਂ ਫਿਰ ਉਹ ਇਸ ਬਦਲ ਨੂੰ ਗੰਭੀਰਤਾ ਨਾਲ ਲੈਣਗੇ।

ਗਹਿਲੋਤ-ਪਾਇਲਟ ਜੰਗ ਨਾਲ ਸਰਕਾਰ 'ਤੇ ਆਏ ਸੰਕਟ ਨੂੰ ਟਾਲ਼ਣ ਲਈ ਐਤਵਾਰ ਨੂੰ ਹੀ ਤਿੰਨ ਸੀਨੀਅਰ ਨੇਤਾਵਾਂ ਨੂੰ ਤੁਰੰਤ ਜੈਪੁਰ ਭੇਜਣ ਦਾ ਹਾਈਕਮਾਨ ਦਾ ਕਦਮ ਪਹਿਲੇ ਪੜਾਅ 'ਚ ਕਾਮਯਾਬ ਰਿਹਾ। ਰਣਦੀਪ ਸੁਰਜੇਵਾਲਾ, ਅਜੇ ਮਾਕਨ ਤੇ ਅਵਿਨਾਸ਼ ਪਾਂਡੇ ਦੀ ਮੌਜੂਦਗੀ 'ਚ ਮੁੱਖ ਮੰਤਰੀ ਗਹਿਲੋਤ ਦੇ ਨਿਵਾਸ 'ਤੇ ਸੋਮਵਾਰ ਨੂੰ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ ਜਿਸ ਵਿਚ 106 ਵਿਧਾਇਕਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ। ਬਹੁਮਤ ਲਈ ਜ਼ਰੂਰੀ 101 ਦੇ ਅੰਕੜੇ ਤੋਂ ਜ਼ਿਆਦਾ ਵਿਧਾਇਕਾਂ ਦੇ ਨਾਲ ਹੋਣ ਦਾ ਭਰੋਸਾ ਹੁੰਦੇ ਹੀ ਗਹਿਲੋਤ ਤੇ ਕਾਂਗਰਸ ਦੇ ਕੇਂਦਰੀ ਨੇਤਾਵਾਂ ਨੇ ਬਾਹਰ ਆ ਕੇ ਜੇਤੂ ਚਿੰਨ੍ਹ ਦਿਖਾਉਂਦੇ ਹੋਏ ਤਸਵੀਰਾਂ ਖਿਚਵਾਈਆਂ। ਏਨਾ ਹੀ ਨਹੀਂ, ਪਾਇਲਟ ਤੇ ਉਨ੍ਹਾਂ ਦੇ ਹਮਾਇਤੀ ਵਿਧਾਇਕਾਂ ਨੂੰ ਬਗ਼ਾਵਤ ਨਾ ਛੱਡਣ 'ਤੇ ਅਸਿੱਧੇ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ। ਇਸ ਲਈ ਵਿਧਾਇਕ ਦਲ ਦੀ ਬੈਠਕ 'ਚ ਕਾਂਗਰਸ ਦੀ ਸਰਕਾਰ ਨੂੰ ਕਮਜ਼ੋਰ ਕਰਨ ਵਾਲਿਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦਾ ਮਤਾ ਵੀ ਪਾਸ ਕਰਵਾਇਆ ਗਿਆ। ਇਸ ਤੋਂ ਬਾਅਦ ਪਾਇਲਟ ਦੇ ਤੇਵਰਾਂ ਤੇ ਭਾਜਪਾ ਦੇ ਆਪ੍ਰੇਸ਼ਨ ਲੋਟਸ ਦੇ ਖ਼ਦਸ਼ੇ ਦੇ ਚੱਲਦੇ ਵਿਧਾਇਕਾਂ ਨੂੰ ਸੁਰੱਖਿਅਤ ਰੱਖਣ ਲਈ ਉਨ੍ਹਾਂ ਨੂੰ ਜੈਪੁਰ 'ਚ ਹੀ ਇਕ ਰਿਜ਼ਾਰਟ 'ਚ ਭੇਜ ਦਿੱਤਾ ਗਿਆ। ਇਸ ਦੌਰਾਨ ਰਾਜਧਾਨੀ ਦਿੱਲੀ 'ਚ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਵੀ ਕਾਂਗਰਸੀ ਹਾਈਕਮਾਨ ਤੋਂ ਲੈ ਕੇ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਦੇ ਪੱਧਰ 'ਤੇ ਲਗਾਤਾਰ ਸਚਿਨ ਪਾਇਲਟ ਨੂੰ ਸਮਝਾਉਣ ਦੀ ਕੋਸ਼ਿਸ਼ ਸਾਰਾ ਦਿਨ ਚੱਲਦੀ ਰਹੀ। ਕਾਂਗਰਸੀ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਤੋਂ ਇਲਾਵਾ ਘੱਟੋ-ਘੱਟ ਪੰਜ ਸੀਨੀਅਰ ਨੇਤਾਵਾਂ ਨੇ ਸਚਿਨ ਪਾਇਲਟ ਨਾਲ ਫੋਨ 'ਤੇ ਗੱਲ ਕਰ ਕੇ ਉਨ੍ਹਾਂ ਨੂੰ ਜੈਪੁਰ ਜਾਣ ਦੀ ਸਲਾਹ ਦਿੱਤੀ। ਇਨ੍ਹਾਂ ਦੋਵਾਂ ਤੋਂ ਇਲਾਵਾ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਪਾਇਲਟ ਨੂੰ ਕਿਹਾ ਕਿ ਸੀਐੱਮ ਤੇ ਡਿਪਟੀ ਸੀਐੱਮ ਆਪਸ ਵਿਚ ਸਿੱਧੇ ਗੱਲਬਾਤ ਕਰ ਕੇ ਵਿਵਾਦ ਦਾ ਹੱਲ ਕੱਢ ਲੈਣ। ਇਨ੍ਹਾਂ ਨੇਤਾਵਾਂ ਨੇ ਪਾਰਟੀ ਤੇ ਹਾਈ ਕਮਾਨ ਦੀ ਪਾਇਲਟ ਪ੍ਰਤੀ ਪਿਆਰ ਦੇ ਸਨਮਾਨ ਦੀ ਗੱਲ ਵੀ ਕਹੀ।

Posted By: Jagjit Singh