ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਰਾਜਸਥਾਨ ਪ੍ਰਦੇਸ਼ ਪ੍ਰਧਾਨ ਮਦਨ ਲਾਲ ਸੈਣੀ ਦਾ ਸੋਮਵਾਰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਦਿੱਲੀ ਸਥਿਤ ਏਮਜ਼ 'ਚ ਆਖ਼ਰੀ ਸਾਹ ਲਿਆ। ਉਨ੍ਹਾਂ ਨੂੰ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ 2018 'ਚ ਹੀ ਸੂਬਾ ਪ੍ਰਧਾਨ ਬਣਾਇਆ ਗਿਆ ਸੀ। ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖ਼ਾਵਤ ਨੇ ਦੱਸਿਆ ਕਿ ਸੈਣੀ ਦੀ ਦੇਹ ਨੂੰ ਰਾਤ ਨੂੰ ਜੈਪੁਰ ਲਿਆਂਦਾ ਜਾਵੇਗਾ। ਲੋਕਾਂ ਨੂੰ ਅੰਤਿਮ ਦਰਸ਼ਨਾਂ ਲਈ ਇਸ ਨੂੰ ਸਵੇਰੇ 7:30 ਵਜੇ ਤੱਕ ਭਾਜਪਾ ਦਫ਼ਤਰ 'ਚ ਰੱਖਿਆ ਜਾਵੇਗਾ। ਫਿਰ ਇਸ ਨੂੰ ਸੀਕਰ ਲਿਜਾਇਆ ਜਾਵੇਗਾ। ਉੱਥੇ ਦੁਪਹਿਰ 3 ਵਜੇ ਅੰਤਿਮ ਸਸਕਾਰ ਕੀਤਾ ਜਾਵੇਗਾ।


ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਭਾਜਪਾ ਦੇ ਹੋਰ ਆਗੂਆਂ ਨੇ ਰਾਜਸਥਾਨ ਦੇ ਭਾਜਪਾ ਪ੍ਰਧਾਨ ਮਦਨ ਲਾਲ ਸੈਣੀ ਨੂੰ ਦਿੱਲੀ ਦੇ ਏਮਜ਼ 'ਚ ਸ਼ਰਧਾਂਜਲੀ ਦਿੱਤੀ। ਜ਼ਿਕਰਯੋਗ ਹੈ ਕਿ ਸੈਣੀ ਨੂੰ ਫੇਫੜਿਆਂ 'ਚ ਇਨਫੈਕਸ਼ਨ ਹੋਣ ਕਾਰਨ ਪਿਛਲੇ ਦਿਨੀਂ ਏਮਜ਼ 'ਚ ਦਾਖਲ ਕਰਵਾਇਆ ਗਿਆ ਸੀ। ਸ਼ੁੱਕਰਵਾਰ ਨੂੰ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਏਮਜ਼ 'ਚ ਪਹੁੰਚ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਸੀ।


ਉੱਪ ਰਾਸ਼ਟਰੀ ਵੈਂਕਇਆ ਨਾਇਡੂ ਨੇ ਦਿੱਤੀ ਸ਼ਰਧਾਂਜਲੀ

ਟਵੀਟ ਕਰਦੇ ਹੋਏ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਇਆ ਨਾਇਡੂ ਨੇ ਭਾਜਪਾ ਰਾਜਸਥਾਨ ਦੇ ਪ੍ਰਧਾਨ ਮਦਨ ਲਾਲ ਸੈਣੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ, 'ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਦੇ ਰੂਪ 'ਚ ਤੁਸੀਂ ਜਨ ਸਰੋਕਾਰਾਂ ਨਾਲ ਨੇੜਿਓਂ ਜੁੜੇ ਰਹੇ। ਦੁਖ ਪਰਿਵਾਰ, ਸਹਿਯੋਗੀਆਂ ਅਤੇ ਹਮਾਇਤੀਆਂ ਪ੍ਰਤੀ ਹਾਰਦਿਕ ਸੰਵੇਦਨਾ ਪ੍ਰਗਟ ਕਰਦਾ ਹਾਂ। ਵਿੱਛੜੀ ਆਤਮਾ ਨੂੰ ਮੇਰੀ ਨਿਮਰ ਸ਼ਰਧਾਂਜਲੀ।'ਪੀਐੱਮ ਮੋਦੀ ਨੇ ਦੱਸਿਆ ਵੱਡਾ ਨੁਕਸਾਨ

ਪੀਐੱਮ ਮੋਦੀ ਨੇ ਟਵੀਟ ਕਰਕੇ ਸ਼ਰਧਾਂਜਲੀ ਦਿੰਦਿਆਂ ਕਿਹਾ- ਸ੍ਰੀ ਮਦਨ ਲਾਲ ਸੈਣੀ ਜੀ ਦਾ ਦੇਹਾਂਤ ਭਾਜਪਾ ਪਰਿਵਾਰ ਲਈ ਇਕ ਵੱਡਾ ਨੁਕਸਾਨ ਹੈ। ਉਨ੍ਹਾਂ ਨੇ ਰਾਜਸਥਾਨ 'ਚ ਪਾਰਟੀ ਨੂੰ ਮਜ਼ਬੂਤ ਕਰਨ 'ਚ ਯੋਗਦਾਨ ਿਦੱਤਾ। ਉਨ੍ਹਾਂ ਦੀ ਜਨਮਜਾਤ ਪ੍ਰਕਿਰਤੀ ਅਤੇ ਭਾਈਚਾਰੇ ਪ੍ਰਤੀ ਸੇਵਾ ਦੇ ਯਤਨਾਂ ਲਈ ਉਨ੍ਹਾਂ ਨੂੰ ਬਹੁਤ ਸਨਮਾਨ ਦਿੱਤਾ ਗਿਆ। ਮੇਰੇ ਵਿਚਾਰ ਉਨ੍ਹਾਂ ਦੇ ਪਰਿਵਾਰ ਅਤੇ ਹਮਾਇਤੀਆਂ ਦੇ ਨਾਲ ਹਨ। ਓਮ ਸ਼ਾਂਤੀ।ਅਮਿਤ ਸ਼ਾਹ ਨੇ ਕਿਹਾ ਸੱਚੇ ਜਨਸੇਵਕ ਸਨ ਸੈਣੀ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ ਕਿ ਭਾਜਪਾ ਦੇ ਸੀਨੀਅਰ ਨੇਤਾ ਅਤੇ ਰਾਜਸਥਾਨ ਭਾਜਪਾ ਪ੍ਰਦੇਸ਼ ਪ੍ਰਧਾਨ ਮਦਨ ਲਾਲ ਸੈਣੀ ਜੀ ਦੇ ਦੇਹਾਂਤ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ। ਸੰਗਠਨ ਦੇ ਵੱਖ-ਵੱਖ ਅਹੁਦਿਆਂ 'ਤੇ ਰਹੇ ਮਦਨ ਾਲ ਸੈਣੀ ਜੀ ਇਕ ਸੱਚੇ ਜਨਸੇਵਕ ਸਨ, ਜਿਨ੍ਹਾਂ ਦਾ ਪੂਰਾ ਜੀਵਨ ਪਾਰਟੀ ਅਤੇ ਸਮਾਜ ਨੂੰ ਸਮਰਪਿਤ ਰਿਹਾ। ਰਾਜਸਥਾਨ 'ਚ ਭਾਜਪਾ ਨੂੰ ਮਜ਼ਬੂਤ ਕਰਨ 'ਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ। ਸ੍ਰੀ ਸੈਣੀ ਦਾ ਦੇਹਾਂਤ ਭਾਜਪਾ ਪਰਿਵਾਰ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੈਂ ਦੁੱਖ ਦੀ ਇਸ ਘੜੀ 'ਚ ਦੁਖੀ ਪਰਿਵਾਰ ਪ੍ਰਤੀ ਆਪਣੀ ਹਮਰਦੀ ਪ੍ਰਗਟ ਕਰਦਾ ਹਾਂ ਅਤੇ ਮਰਹੂਮ ਆਤਮਾ ਦੀ ਸ਼ਾਂਤੀ ਲਈ ਪ੍ਰਭੂ ਅੱਗੇ ਪ੍ਰਾਰਥਨਾ ਕਰਦਾ ਹਾਂ। ਓਮ ਸ਼ਾਂਤੀ ਸ਼ਾਂਤੀ ਸ਼ਾਂਤੀ।


ਰਾਜਨਾਥ ਸਿੰਘ ਨੇ ਕਿਹਾ, ਸੈਣੀ ਦੇ ਦੇਹਾਂਤ ਨਾਲ ਮੈਂ ਦੁਖੀ ਹਾਂ

ਰਾਜਸਥਾਨ ਭਾਜਪਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਮਦਨ ਲਾਲ ਸੈਣੀ ਦੇ ਦੇਹਾਂਤ ਨਾਲ ਮੈਂ ਦੁਖੀ ਹਾਂ। ਮਦਨ ਲਾਲ ਇਕ ਕੁਸ਼ਲ ਸੰਗਠਨਕਰਤਾ ਹੋਣ ਦੇ ਨਾਲ ਸਹਿਜ ਅਤੇ ਸਰਲ ਵਿਅਕਤੀ ਦੇ ਰੂਪ 'ਚ ਪ੍ਰਸਿੱਧ ਸਨ। ਦੁਖੀ ਪਰਿਵਾਰ ਪ੍ਰਤੀ ਮੇਰੀ ਹਮਦਰਦੀ। ਈਸ਼ਵਰ ਉਨ੍ਹਾਂ ਇਹ ਦੁੱਖ ਸਹਿਣ ਦੀ ਸ਼ਕਤੀ ਪ੍ਰਦਾਨ ਕਰੇ। ਓਮ ਸ਼ਾਂਤੀ।


ਜੇਪੀ ਨੱਡਾ ਨੇ ਕਿਹਾ , ਇਹ ਭਾਜਪਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਨੇ ਟਵੀਟ ਕੀਤਾ ਕਿ ਰਾਜਸਥਾਨ ਦੇ ਸੂਬਾ ਪ੍ਰਧਾਨ ਅਤੇ ਰਾਜ ਸਭਾ 'ਚ ਮੇਰੇ ਸਾਥੀ ਸ੍ਰੀ ਮਦਨ ਲਾਲ ਸੈਣੀ ਜੀ ਦੇ ਦੇਹਾਂਤ ਦੀ ਸੂਚਨਾ ਤੋਂ ਦੁਖੀ ਹਾਂ। ਇਹ ਭਾਰਤੀ ਜਨਤਾ ਪਾਰਟੀ ਪਰਿਵਾਰ ਦੇ ਲਈ ਨਾ ਪੂਰਾ ਹੋਣ ਵਾਲਾ ਘਾਟਾਂ ਹੈ। ਮਦਨ ਲਾਲ ਸੈਣੀ ਨੇ ਆਪਣਾ ਸਮੁੱਚਾ ਜੀਵਨ ਸਮਾਜ ਦੀ ਸੇਵਾ 'ਚ ਅਰਪਣ ਕੀਤਾ। ਈਸ਼ਵਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।ਅਸ਼ੋਕ ਗਹਿਲੋਤ ਨੇ ਦਿੱਤੀ ਸ਼ਰਧਾਂਜਲੀ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੈਣੀ ਦੀ ਮੌਤ 'ਤੇ ਟਵੀਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਦੌਰਜਾਨ ਉਨ੍ਹਾਂ ਕਿਹਾ ਕਿ ਭਾਜਪਾ ਰਾਜਸਥਾਨ ਦੇ ਪ੍ਰਧਾਨ ਮਦਨ ਲਾਲ ਸੈਣੀ ਦੇ ਦੇਹਾਂਤ ਬਾਰੇ ਸੁਣ ਕੇ ਹੈਰਾਨ ਅਤੇ ਦੁਖੀ ਹਾਂ। ਮੇਰੇ ਵਿਚਾਰ ਅਤੇ ਪ੍ਰਾਰਥਨਾ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਹੈ। ਭਗਵਾਨ ਉਨ੍ਹਾਂ ਨੂੰ ਇਸ ਨੁਕਸਾਨ ਨੂੰ ਸਹਿਣ ਕਰਨ ਦੀ ਸ਼ਕਤੀ ਦੇਵੇ। ਆਤਮਾ ਨੂੰ ਸ਼ਾਂਤੀ ਮਿਲੇ।


ਕੌਣ ਸਨ ਮਦਨ ਲਾਲ ਸੈਣੀ

ਮਦਨ ਲਾਲ ਸੈਣੀ ਜਨਸੰਘ ਦੇ ਸਮੇਂ ਤੋਂ ਰਾਜਨੀਤੀ 'ਚ ਸਰਗਰਮ ਸਨ। ਉਨ੍ਹਾਂ ਦਾ ਜਨਮ 13 ਜੁਲਾਈ 1943 ਨੂੰ ਰਾਜਸਥਾਨ ਦੇ ਸੀਕਰ 'ਚ ਹੋਇਆ ਸੀ। ਜੂਨ 2018 'ਚ ਰਾਜਸਥਾਨ ਭਾਜਪਾ ਦੇ ਪ੍ਰਧਾਨ ਬਣਾਏ ਗਏ ਸਨ। ਨਿਰਵਿਵਾਦ ਰਹੇ ਸੈਣੀ ਨੂੰ ਭਾਜਪਾ ਨੇ 2017 'ਚ ਰਾਜ ਸਭਾ ਮੈਂਬਰ ਬਣਾਇਆ ਸੀ। ਉਹ ਲੰਮੇ ਸਮੇਂ ਤੱਕ ਭਾਰਤੀ ਮਜ਼ਦੂਰ ਸੰਘ ਨਾਲ ਵੀ ਜੁੜੇ ਰਹੇ ਹਨ। ਸੈਣੀ ਝੁਨਝੰਨੂੰ ਦੇ ਉਦੈਪੁਰਵਾਟੀ ਤੋਂ ਵਿਧਾਇਕ ਵੀ ਰਹੇ ਸਨ। ਸੈਣੀ ਆਪਣੀ ਸਾਧਾਰਨ ਜੀਵਨ ਸ਼ੈਲੀ ਅਤੇ ਵਰਕਰਾਂ ਨਾਲ ਜੁੜਾਅ ਲਈ ਜਾਣੇ ਜਾਂਦੇ ਸਨ ਅਤੇ ਵਰਕਰਾਂ 'ਚ ਕਾਫੀ ਹਰਮਨ ਪਿਆਰੇ ਸਨ। ਉਨ੍ਹਾਂ ਨੇ ਭਾਜਪਾ ਅਨੁਸ਼ਾਸਨ ਕਮੇਟੀ ਦਾ ਵੀ ਕੰਮ ਸੰਭਾਲਿਆ ਹੈ।

Posted By: Jagjit Singh