ਸਟੇਟ ਬਿਊਰੋ, ਜੈਪੁਰ : ਘੁੰਡ ਵਰਗੀ ਕੁਰੀਤੀ ਨੂੰ ਖ਼ਤਮ ਕਰਨ ਲਈ ਹੁਣ ਰਾਜਸਥਾਨ ਦੇ ਵੱਖ-ਵੱਖ ਜ਼ਿਲਿ੍ਆਂ ਵਿਚ ਕੁਲੈਕਟਰਾਂ ਵੱਲੋਂ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਬੀਕਾਨੇਰ 'ਚ ਇਸ ਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੈ। ਜੈਪੁਰ 'ਚ ਵੀ ਇਸ ਸਬੰਧੀ ਇਕ ਕਾਰਜ ਯੋਜਨਾ ਬਣਾਏ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਹੋਰਨਾਂ ਜ਼ਿਲਿ੍ਆਂ 'ਚ ਵੀ ਇਸ ਨੂੰ ਲੈ ਕੇ ਜਾਗਰੂਕਤਾ ਲਈ ਵਰਕਸ਼ਾਪਾਂ ਤੇ ਸਵੈ-ਸੇਵੀ ਸੰਸਥਾਵਾਂ (ਐੱਨਜੀਓ) ਨਾਲ ਵਿਚਾਰ-ਚਰਚਾ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ।

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੁਝ ਦਿਨ ਪਹਿਲਾਂ ਘੁੰਡ ਪ੍ਰਥਾ ਸਮਾਪਤ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤੇ ਜਾਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਜ਼ਿਲ੍ਹਾ ਕੁਲੈਕਟਰਾਂ ਨੂੰ ਇਸ ਬਾਰੇ ਨਿਰੇਦਸ਼ ਭੇਜੇ ਗਏ ਸਨ। ਬੀਕਾਨੇਰ ਜ਼ਿਲ੍ਹੇ ਵਿਚ 'ਅਬ ਘੂੰਘਟ ਨੀ' (ਹੁਣ ਘੁੰਡ ਨਹੀਂ) ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਜੈਪੁਰ ਵਿਚ ਵੀ 'ਨਾ ਘੂੰਘਟ ਨਿਕਾਲੇਗੀ ਨਾ ਨਿਕਾਲਨੇ ਦੇਗੀ' ਦੇ ਨਾਅਰੇ ਨਾਲ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਇਸ ਬਾਰੇ ਕੁਲੈਕਟਰ ਜੋਗਾ ਰਾਮ ਨੇ ਸੋਮਵਾਰ ਨੂੰ ਸਬੰਧਿਤ ਅਧਿਕਾਰੀਆਂ ਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਹੈ। ਇਸੇ ਤਰ੍ਹਾਂ ਹੋਰਨਾਂ ਜ਼ਿਲਿ੍ਆਂ 'ਚ ਵੀ ਇਸ ਤਰ੍ਹਾਂ ਦੀ ਮੁਹਿੰਮ ਸ਼ੁਰੂ ਕੀਤੇ ਜਾਣ ਦੀ ਤਿਆਰੀ ਚੱਲ ਰਹੀ ਹੈ।