ਨਵੀਂ ਦਿੱਲੀ (ਏਜੰਸੀਆਂ) : ਕੋਰੋਨਾ ਇਨਫੈਕਸ਼ਨ ਦੀ ਚੇਨ ਤੋੜਨ ਲਈ ਹੋਰ ਵੀ ਕਈ ਸੂਬਿਆਂ ਨੇ ਸੰਪੂਰਨ ਲਾਕਡਾਊਨ ਤੇ ਸਖ਼ਤ ਪਾਬੰਦੀਆਂ ਲਾਉਣ ਵਰਗੇ ਕਈ ਕਦਮ ਚੁੱਕੇ ਹਨ। ਤਾਮਿਲਨਾਡੂ, ਰਾਜਸਥਾਨ ਤੇ ਕੇਂਦਰ ਸ਼ਾਸਿਤ ਪ੍ਦੇਸ਼ ਪੁਡੂਚੇਰੀ 'ਚ 10 ਮਈ ਯਾਨੀ ਸੋਮਵਾਰ ਤੋਂ ਸੰਪੂਰਨ ਲਾਕਡਾਊਨ ਦਾ ਐਲਾਨ ਕੀਤਾ ਹੈ ਜਿਹੜਾ 24 ਮਈ ਤਕ ਲਾਗੂ ਰਹੇਗਾ।

ਕਰਨਾਟਕ 'ਚ ਸ਼ੁੱਕਰਵਾਰ ਸ਼ਾਮ ਤੋਂ ਤੇ ਕੇਰਲ 'ਚ ਸ਼ਨਿਚਰਵਾਰ ਸਵੇਰ ਤੋਂ ਲਾਕਡਾਊਨ ਅਮਲ 'ਚ ਆ ਗਿਆ ਹੈ। ਚੇਨਈ 'ਚ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਨਫੈਕਸ਼ਨ ਨੂੰ ਰੋਕਣ ਲਈ ਲਾਕਡਾਊਨ ਤੋਂ ਇਲਾਵਾ ਕੋਈ ਦੂਜਾ ਬਦਲ ਨਹੀਂ ਸੀ। ਸ਼ੁੱਕਰਵਾਰ ਨੂੰ ਜ਼ਿਲ੍ਹਾ ਅਧਿਕਾਰੀਆਂ ਨਾਲ ਕੋਰੋਨਾ ਦੇ ਹਾਲਾਤ ਦੀ ਸਮੀਖਿਆ ਕਰਨ ਤੇ ਸਿਹਤ ਸੇਵਾ ਨਾਲ ਜੁੜੇ ਮਾਹਿਰਾਂ ਦੀ ਸਲਾਹ ਦੇ ਆਧਾਰ 'ਤੇ ਲਾਕਡਾਊਨ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ।

ਜ਼ਰੂਰੀ ਸਾਮਾਨ ਤੇ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਤੇ ਨਿੱਜੀ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਸਰਕਾਰੀ ਸ਼ਰਾਬ ਦੀਆਂ ਦੁਕਾਨਾਂ, ਬਾਰ, ਸਪਾ, ਜਿਮ, ਬਿਊਟੀ ਪਾਰਲਰ, ਸੈਲੂਨ, ਸਿਨੇਮਾ ਹਾਲ, ਕਲੱਬ, ਪਾਰਕ, ਬੀਚ ਵੀ ਇਸ ਦੌਰਾਨ ਬੰਦ ਰਹਿਣਗੇ। ਵਿਰੋਧੀ ਧਿਰ ਅੰਨਾਡੀਐੱਮਕੇ ਤੇ ਪੀਐੱਮਕੇ ਨੇ ਸੰਪੂਰਨ ਲਾਕਡਾਊਨ ਦਾ ਸਵਾਗਤ ਕੀਤਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਕੋਰੋਨਾ ਇਨਫੈਕਸ਼ਨ ਦੀ ਚੇਨ ਤੋੜਨ 'ਚ ਮਦਦ ਮਿਲੇਗੀ।