ਜੇਐੱਨਐੱਨ, ਨਵੀਂ ਦਿੱਲੀ : ਆਲਮੀ ਕੂਟਨੀਤੀ 'ਤੇ ਹੋਣ ਵਾਲੇ ਏਸ਼ੀਆ ਦੇ ਅਨੋਖੋ ਪ੍ਰੋਗਰਾਮ 'ਰਾਏਸਿਨਾ ਡਾਇਲਾਗ-2020' 'ਚ ਹਿੱਸਾ ਲੈਣ ਵਾਲੇ ਕਈ ਰਾਜਨੇਤਾਵਾਂ ਨੇ ਭਾਰਤ ਨੂੰ ਵਿਸ਼ਵ ਮੰਚ 'ਤੇ ਸਰਗਰਮ ਭੂਮਿਕਾ ਨਿਭਾਉਣ ਦੀ ਗੱਲ ਕਹੀ ਹੈ।

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰਾਏਸਿਨਾ ਡਾਇਲਾਗ ਦੇ ਸ਼ੁਰੂਆਤੀ ਇਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਹੁਣ ਸਿਰਫ਼ ਦੁਨੀਆ 'ਚ ਹੋਣ ਵਾਲੇ ਇਸ ਤਰ੍ਹਾਂ ਦੋ ਪ੍ਰੋਗਰਾਮਾਂ 'ਚ ਹਿੱਸਾ ਨਹੀਂ ਬਣਨਾ ਚਾਹੁੰਦਾ।

ਉਹ ਇਸ ਦੇ ਕੇਂਦਰ ਦੇ ਤੌਰ 'ਤੇ ਸਥਾਪਿਤ ਹੋਣਾ ਚਾਹੀਦਾ ਹੈ। ਇਹੀ ਨਹੀਂ ਜਿਸ ਤਰ੍ਹਾਂ ਬਹੁਧਰੂਵੀ ਵਿਸ਼ਵ ਬਣ ਰਿਹਾ ਹੈ, ਉਸ 'ਚ ਆਪਣੇ ਹਿੱਤਾਂ ਦੀ ਰੱਖਿਆ ਕਰਨ ਲਈ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਜ਼ਰੂਰੀ ਹੈ, ਤਾਂ ਜੋ ਇਕ ਮੰਚ 'ਤੇ ਸਾਰੀਆਂ ਧਿਰਾਂ ਦੀ ਰਾਏ ਜਾਣੀ ਜਾ ਸਕੇ। ਜੈਸ਼ੰਕਰ ਜਦੋਂ ਭਾਸ਼ਣ ਦੇ ਰਹੇ ਸਨ, ਤਾਂ ਉਨ੍ਹਾਂ ਦੇ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਫ਼ਗਾਨਿਸਤਾਨ ਦੇ ਐੱਨਐੱਸਏ ਹਮਦੁੱਲਾ ਮੋਹਿਬ, ਦੁਨੀਆ ਦੇ ਅੱਠ ਦੇਸ਼ਾਂ ਦੇ ਸਾਬਕਾ ਮੁਖੀ ਤੇ ਤਕਰੀਬਨ ਇਕ ਦਰਜਨ ਦੇਸ਼ਾਂ ਦੇ ਮੌਜੂਦਾ ਵਿਦੇਸ਼ ਮੰਤਰੀ ਹਾਜ਼ਰ ਸਨ। ਅਗਲੇ ਦੋ ਦਿਨਾਂ ਦੌਰਾਨ ਰਾਏਸਿਨਾ ਡਾਇਲਾਗ-2020 ਤਹਿਤ 80 ਇਜਲਾਸ ਹੋਣਗੇ, ਜਿਸ 'ਚ ਦੁਨੀਆ ਭਰ ਤੋਂ ਆਏ ਤਕਰੀਬਨ 700 ਨੁਮਾਇੰਦੇ ਹਿੱਸਾ ਲੈਣਗੇ।

ਪਹਿਲੇ ਦਿਨ ਦੇ ਉਦਘਾਟਨੀ ਇਜਲਾਸ 'ਚ ਅਮਰੀਕਾ-ਈਰਾਨ ਤਣਾ, ਆਲਮੀ ਕਾਰੋਬਾਰ ਦੀਆਂ ਮੁਸ਼ਕਲਾਂ ਤੇ ਪੌਣ-ਪਾਣੀ ਬਦਲਾਅ ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ 'ਤੇ ਖ਼ਾਸ ਤੌਰ 'ਤੇ ਚਰਚਾ ਹੋਈ। ਡੈਨਮਾਰਕ ਦੇ ਸਾਬਕਾ ਪੀਐੱਮ ਨਾਟੋ ਦੇ ਸਾਬਕਾ ਜਨਰਲ ਸਕੱਤਰ ਐਂਡ੍ਸ ਰਾਸਮੁਸੇਨ ਨੇ ਕਿਹਾ ਹੈ ਕਿ ਫਿਲਹਾਲ ਜਿਸ ਤਰ੍ਹਾਂ ਕਈ ਦੇਸ਼ਾਂ 'ਚ ਤਾਨਾਸ਼ਾਹਾਂ ਦਾ ਕਬਜ਼ਾ ਹੈ ਉਸ ਨੂੰ ਦੇਖਦਿਆਂ ਦੁਨੀਆਂ ਦੇ ਪ੍ਰਮੁੱਖ ਲੋਕਤਾਂਤਰਿਤ ਦੇਸ਼ਾਂ ਨੂੰ ਇਕ ਹੋਣਾ ਚਾਹੀਦਾ ਹੈ।

ਭਾਰਤ ਇਸ 'ਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਉਨ੍ਹਾਂ ਨੇ ਪੀਐੱਮ ਮੋਦੀ ਦੀ ਪ੍ਰਸੰਸਾ ਵੀ ਕੀਤੀ। ਆਸਟ੍ਰੇਲੀਆ ਦੇ ਪੀਐੱਮ ਸਕਾਟ ਮੌਰਿਸਨ ਨੇ ਆਪਣੀ ਵੀਡੀਓ ਸੰਦੇਸ਼ 'ਚ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ 'ਚ ਭਾਰਤ ਇਕ ਅਹਿਮ ਸ਼ਕਤੀ ਹੈ ਤੇ ਅੱਗੇ ਵੀ ਬਣਿਆ ਰਹੇਗਾ। ਉਨ੍ਹਾਂ ਨੇ ਇਸ ਗੱਲ 'ਤੇ ਖ਼ੁਸ਼ੀ ਪ੍ਰਗਟਾਈ ਕਿ ਭਾਰਤ ਹੁਣ ਇਸ ਖੇਤਰ 'ਚ ਵਧੇਰੇ ਸਰਗਰਮ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਮੌਰਿਸਨ ਨੇ ਹੀ ਇਸ ਪ੍ਰੋਗਰਾਮ ਦਾ ਉਦਘਾਟਨ ਕਰਨਾ ਸੀ, ਪਰ ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਉਨ੍ਹਾਂ ਦਾ ਦੌਰ ਰੱਦ ਕਰ ਦਿੱਤਾ ਗਿਆ।

ਰਾਏਸਿਨਾ ਡਾਇਲਾਗ ਉਸ ਸਮੇਂ ਹੋ ਰਿਹਾ ਹੈ ਜਦੋਂ ਕੂਟਨੀਤਕ ਤੌਰ 'ਤੇ ਦੁਨੀਆ 'ਚ ਕਾਫੀ ਅਸਥਿਰਤਾ ਹੈ। ਪ੍ਰਰੋਗਰਾਮ 'ਚ ਹਿੱਸਾ ਲੈਣ ਲਈ ਆਏ ਵਿਦੇਸ਼ੀ ਨੁਮਾਇੰਦਿਆਂ ਨਾਲ ਭਾਰਤ ਦੇ ਕਾਫ਼ੀ ਅਹਿਮ ਸਬੰਧ ਹਨ। ਜਿਵੇਂ ਈਰਾਨ ਦੇ ਵਿਦੇਸ਼ ਮਤੰਰੀ ਜਾਵੇਦ ਜ਼ਰੀਫ ਇਸ ਪ੍ਰਰੋਗਰਾਮ 'ਚ ਹੋਣਗੇ। ਅਜੇ ਅਮਰੀਕਾ ਨਾਲ ਕਾਫ਼ੀ ਤਣਾਅ ਭਰੀ ਸਥਿਤੀ ਦੇ ਬਾਵਜੂਦ ਉਨ੍ਹਾਂ ਦਾ ਇਸ ਪ੍ਰਰੋਗਰਾਮ 'ਚ ਸ਼ਿਰਕਤ ਕਰਨਾ ਇਸ ਦੀ ਅਹਿਮੀਅਤ ਨੂੰ ਦੱਸਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੋਦੀ ਦੀ ਈਰਾਨ ਦੇ ਵਿਦੇਸ਼ ਮੰਤਰੀ ਨਾਲ ਦੁਵੱਲੀ ਬੈਠਕ ਵੀ ਹੋਵੇਗੀ।

ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ 12 ਵਿਦੇਸ਼ ਮੰਤਰੀਆਂ 'ਚੋਂ ਮੋਦੀ ਸਿਰਫ਼ ਜ਼ਰੀਫ਼ ਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਅ ਨਾਲ ਵੱਖਰੇ ਤੌਰ 'ਤੇ ਬੈਠਕ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਪਾਬੰਦੀ ਕਾਰਨ ਈਰਾਨ ਤੋਂ ਤੇਲ ਖ਼ਰੀਦਣਾ ਬੰਦ ਕਰ ਚੁੱਕਿਆ ਭਾਰਤ ਹੁਣ ਉਸ ਨਾਲ ਰਿਸ਼ਤਿਆਂ ਬਾਰੇ ਵਧੇਰੇ ਖੁੱਲ੍ਹਣ ਦਾ ਮਨ ਬਣਾ ਚੁੱਕਿਆ ਹੈ। ਇਹੀ ਕਾਰਨ ਹੈ ਕਿ ਈਰਾਨ ਤੇ ਅਮਰੀਕਾ ਵਿਚਕਾਰ ਤਣਾਅ ਵਧਣ 'ਤੇ ਜੈਸ਼ੰਕਰ ਨੇ ਪਹਿਲਾਂ ਈਰਾਨ ਦੇ ਵਿਦੇਸ਼ ਮੰਤਰੀ ਨਾਲ ਫੋਨ 'ਤੇ ਗੱਲ ਕੀਤੀ।