ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਤੇ ਭਾਰਤ-ਤਿੱਬਤ ਰਾਸ਼ਟਰੀ ਰਾਜ ਮਾਰਗ ਸਮੇਤ ਚਾਰ ਹੋਰ ਰਾਸ਼ਟਰੀ ਰਾਜ ਮਾਰਗ ਬੰਦ ਹੋ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਨਾਲ ਨਾਲੇ ਉਫਾਨ ’ਤੇ ਹਨ। ਥਾਂ-ਥਾਂ ਜ਼ਮੀਨ ਖਿਸਕਣ ਹੋ ਰਹੀ ਹੈ ਤੇ ਕਈ ਸੜਕਾਂ ਬੰਦ ਹਨ। ਸੂਬੇ ਵਿਚ ਅੱਜ ਵੀ ਕਾਂਗੜਾ, ਮੰਡੀ, ਬਿਲਾਸਪੁਰ ਤੇ ਸਿਰਮੌਰ ਵਿਚ ਭਾਰੀ ਮੀਂਹ ਦਾ ਰੈੱਡ ਅਲਰਟ ਹੈ, ਜਦਕਿ ਹੋਰ ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹੁਣ ਤਕ ਬਾਰਿਸ ਨਾਲ ਸੰਬੰਧਤ ਦੁਰਘਟਨਾ ਵਿਚ ਲਗਪਗ 200 ਲੋਕਾਂ ਦੀ ਮੌਤ ਹੋ ਗਈ ਹੈ ਤੇ ਜਨਤਕ ਤੇ ਨਿੱਜੀ ਜਾਇਦਾਦ ਨੂੰ 4600 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਲੱਦਾਖ ਵਿਚ ਮੋਹਲੇਧਾਰ ਬਾਰਿਸ਼, ਚੱਟਾਨਾਂ ਖਿਸਕਣ, ਢਿੱਗਾਂ ਡਿੱਗਣ ਤੇ ਕਈ ਥਾਈਂ ਬੱਦਲ ਫਟਣ ਨਾਲ ਆਏ ਹੜ੍ਹ ਨਾਲ ਭਾਰੀ ਤਬਾਹੀ ਹੋਈ। ਇਸ ਵਿਚ 14 ਲੋਕਾਂ ਦੀ ਮੌਤ ਹੋ ਗਈ। ਸਭ ਤੋਂ ਜ਼ਿਆਦਾ ਨੁਕਸਾਨ ਜੰਮੂ ਡਵੀਜ਼ਨ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਹੋਇਆ। ਕਿਸ਼ਤਵਾੜ ਦੇ ਦੂਰ-ਦੂਰਾਡੇ ਪਿੰਡ ਹੰਜਰ ਵਿਚ ਬੱਦਲ ਫਟਣ ਨਾਲ ਆਏ ਹੜ੍ਹ ਦੇ ਮਲਬੇ ਵਿਚ ਦੱਬੇ ਜਾਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇੱਥੋਂ 17 ਜ਼ਖ਼ਮੀਆਂ ਨੂੰ ਬਚਾ ਲਿਆ ਗਿਆ ਹੈ ਜਿਨ੍ਹਾਂ ਵਿਚ ਪੰਜ ਦੀ ਹਾਲਤ ਗੰਭੀਰ ਹੈ। ਉਧਰ 19 ਲੋਕ ਅਜੇ ਵੀ ਲਾਪਤਾ ਹਨ। ਪੁਲਿਸ ਤੇ ਸਥਾਨਕ ਲੋਕਾਂ ਤੋਂ ਇਲਾਵਾ ਫ਼ੌਜ ਐੱਸਡੀਆਰਐੱਫ ਦੀਆਂ ਵਾਧੂ ਟੁੱਕੜੀਆਂ ਰਾਹਤ ਮੁਹਿੰਮ ਵਿਚ ਲੱਗੀਆਂ ਹੋਈਆਂ ਹਨ। ਮੌਸਮ ਸਾਫ਼ ਹੁੰਦਿਆਂ ਹੀ ਹੈਲੀਕਾਪਟਰ ਰਾਹੀਂ ਜੰਮੂ ਤੇ ਸ੍ਰੀਨਗਰ ਤੋਂ ਐੱਨਡੀਆਰਐੱਫ ਦੀਆਂ ਟੀਮਾਂ ਵੀ ਮੌਕੇ 'ਤੇ ਪੁੱਜ ਜਾਣਗੀਆਂ। ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਤੇਜਿੰਗ ਨਾਲੇ ਤੇ ਕੁੱਲੂ ਦੇ ਬ੍ਹਮਗੰਗਾ ਨਾਲੇ ਵਿਚ ਬੱਦਲ ਫਟਣ ਨਾਲ ਹੜ੍ਹ ਆ ਗਿਆ ਜਿਸ ਵਿਚ ਮਾਂ-ਪੁੱਤਰ ਸਮੇਤ 16 ਲੋਕ ਰੁੜ੍ਹ ਗਏ। ਇਨ੍ਹਾਂ ਵਿਚ ਗਾਜ਼ੀਆਬਾਦ ਦੀ ਲੜਕੀ ਵਿਨੀਤਾ ਚੌਧਰੀ ਵੀ ਸ਼ਾਮਲ ਹੈ ਜੋ ਇੱਥੇ ਕੈਂਪਿੰਗ ਸਾਈਟ ਵਿਚ ਮੈਨੇਜਰ ਦੇ ਅਹੁਦੇ 'ਤੇ ਤਾਇਨਾਤ ਸੀ। ਹੁਣ ਤਕ ਸੱਤ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

ਕਈ ਥਾਈਂ ਸੈਲਾਨੀ ਫਸੇ

ਲਾਹੌਲ-ਸਪਿਤੀ ਜ਼ਿਲ੍ਹੇ ਵਿਚ ਬੱਦਲ ਫਟਣ ਨਾਲ ਲਾਹੌਲ ਵਾਦੀ ਦੇ ਕਈ ਜ਼ਿਲਿ੍ਹਆਂ ਵਿਚ ਹੜ੍ਹ ਆ ਗਿਆ ਹੈ। ਇਸ ਨਾਲ ਲੇਹ ਤੇ ਕਾਜਾ ਮਾਰਗ 'ਤੇ ਸੈਂਕੜੇ ਸੈਲਾਨੀ ਫਸ ਗਏ ਹਨ। ਪ੍ਰਸ਼ਾਸਨ ਨੇ ਸੈਲਾਨੀਆਂ ਤੇ ਵਾਹਨ ਚਾਲਕਾਂ ਲਈ ਐਡਵਾਇਜਰੀ ਜਾਰੀ ਕਰਦਿਆਂ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਮਨਾਲੀ-ਲੇਹ, ਤਾਂਦੀ-ਕਿੱਲੜ ਤੇ ਗਰਾਂਫੂ-ਸਮਦੋ ਮਾਰਗ ਥਾਂ-ਥਾਂ ਬੰਦ ਹੋ ਗਏ ਹਨ। ਮਨਾਲੀ ਮਾਰਗ 'ਤੇ ਸਾਕਸ ਨਾਲਾ, ਪਟਸੇਊ, ਭਰਤਪੁਰ ਸਿਟੀ ਤੇ ਸਰਚੂ ਵਿਚ ਸੜਕ ਬੰਦ ਹੋ ਗਈ ਹੈ।

ਅਮਰਨਾਥ ਗੁਫ਼ਾ ਕੋਲ ਬੱਦਲ ਫਟਿਆ

ਸਮੁੰਦਰ ਤਲ ਤੋਂ ਕਰੀਬ 3888 ਮੀਟਰ ਦੀ ਉਚਾਈ 'ਤੇ ਸਥਿਤ ਸ੍ਰੀ ਅਮਰਨਾਥ ਦੀ ਪਵਿਤਰ ਗੁਫ਼ਾ ਕੋਲ ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹ ਵਿਚ ਦੋ ਲੰਗਰ ਤੇ ਸੁਰੱਖਿਆ ਬਲਾਂ ਦਾ ਇਕ ਕੈਂਪ ਨੁਕਸਾਨਿਆ ਗਿਆ। ਯਾਤਰਾ ਬੰਦ ਹੋਣ ਕਾਰਨ ਇੱਥੇ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ।

ਕੇਂਦਰ ਦੀ ਬਣੀ ਰਹੀ ਨਜ਼ਰ

ਕੇਂਦਰ ਸਰਕਾਰ ਨੇ ਦਿਨ ਭਰ ਇਸ ਪੂਰੇ ਘਟਨਾਕ੍ਰਮ 'ਤੇ ਨਜ਼ਰ ਬਣਾਈ ਰੱਖੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਤੇ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨਾਲ ਗੱਲ ਕਰ ਕੇ ਸਥਿਤੀ ਦੀ ਜਾਣਕਾਰੀ ਹਾਸਲ ਕੀਤੀ ਤੇ ਜ਼ਰੂਰੀ ਕਦਮ ਚੁੱਕਣ ਲਈ ਕਿਹਾ।

ਰਾਸ਼ਟਰਪਤੀ ਤੇ ਉਪ ਰਾਜਪਾਲ ਨੇ ਪ੍ਰਗਟਾਇਆ ਦੁੱਖ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਾ ਨੇ ਕਿਸ਼ਤਵਾੜ ਦੀ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।

Posted By: Jatinder Singh