ਨਵੀਂ ਦਿੱਲੀ (ਏਜੰਸੀ) : ਵਧਦੀ ਠੰਢ ਵਿਚਾਲੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ ਕਿ ਦੇਸ਼ ’ਚ ਹਾਲੇ ਕਿਤੇ ਵੀ ਸੀਤ ਲਹਿਰ ਦੇ ਹਾਲਾਤ ਨਹੀਂ ਬਣ ਰਹੇ। ਪਰ, ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਤੇ ਉੱਤਰੀ ਰਾਜਸਥਾਨ ਸਮੇਤ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਬਾਰਿਸ਼ ਹੋ ਸਕਦੀ ਹੈ।

ਉਪਰੋਕਤ ਜਾਣਕਾਰੀ ਦਿੰਦੇ ਹੋਏ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਕਿਹਾ ਕਿ ਇਨ੍ਹਾਂ ਇਲਾਕਿਆਂ ’ਚ 26 ਤੇ 27 ਦਸੰਬਰ ਦੀ ਦਰਮਿਆਨੀ ਰਾਤ ਤੋਂ ਬਾਰਿਸ਼ ਸ਼ੁਰੂ ਹੋ ਸਕਦੀ ਹੈ ਜਿਹਡ਼ੀ 28 ਦਸੰਬਰ ਤਕ ਹੋ ਸਕਦੀ ਹੈ। ਆਈਐੱਮਡੀ ਨੇ ਕਿਹਾ ਕਿ 24 ਦਸੰਬਰ ਤਕ ਦਿਨ ਤੇ ਰਾਤ ਦੋਵਾਂ ’ਚ ਹੀ ਤਾਪਮਾਨ ਸਾਧਾਰਨ ਜਾਂ ਸਾਧਾਰਨ ਸਾਧਾਰਨ ਤੋਂ ਜ਼ਿਆਦਾ ਦਰਜ ਕੀਤਾ ਗਿਆ ਹੈ। ਦੇਸ਼ ਦੇ ਕਿਸੇ ਵੀ ਹਿੱਸੇ ’ਚ ਸੀਤ ਲਹਿਰ ਵਰਗੀ ਸਥਿਤੀ ਨਹੀਂ ਹੈ ਜਿਵੇਂ ਕਿ ਵਿਭਾਗ ਵੱਲੋਂ 22 ਦਸੰਬਰ ਨੂੰ ਦੱਸਿਆ ਗਿਆ ਸੀ। ਦਿੱਲੀ ’ਚ ਘੱਟ ਤੋਂ ਘੱਟ ਸੱਤ ਤੋਂ ਨੌ ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 23 ਡਿਗਰੀ ਸੈਲਸੀਅਸ ਤਾਪਮਾਨ ਬਣਿਆ ਹੋਇਆ ਹੈ। ਉੱਤਰ ਭਾਰਤ ’ਚ ਕੁਝ ਗਰਮ ਤਾਪਮਾਨ ਦਰਜ ਕੀਤਾ ਗਿਆ ਹੈ।

ਵਿਭਾਗ ਨੇ ਅੱਗੇ ਕਿਹਾ ਕਿ ਜੰਮੂ ਕਸ਼ਮੀਰ ਦੇ ਉੱਪਰ ਪੱਛਮੀ ਗਡ਼ਬਡ਼ੀ ਬਣੀ ਹੋਈ ਹੈ ਜਿਸ ਕਾਰਨ ਕੁਝ ਇਲਾਕਿਆਂ ’ਚ ਬਾਰਿਸ਼ ਤੇ ਬਰਫਬਾਰੀ ਹੋਈ ਹੈ। ਕ੍ਰਿਸਮਸ ਦੇ ਠੀਕ ਬਾਅਦ ਯਾਨੀ 26 ਦਸੰਬਰ ਨੂੰ ਮੁਡ਼ ਪੱਛਮੀ ਗਡ਼ਬਡ਼ੀ ਬਣਦੀ ਦਿਖਾਈ ਦੇ ਰਹੀ ਹੈ ਜਿਸ ਨਾਲ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ’ਚ 26-27 ਦਸੰਬਰ ਦੀ ਰਾਤ ਤੋਂ 28 ਦਸੰਬਰ ਤਕ ਬਾਰਿਸ਼ ਦੀ ਸੰਭਾਵਨਾ ਬਣ ਰਹੀ ਹੈ।

ਆਈਐੱਮਡੀ ਦੇ ਮੌਸਮ ਵਿਗਿਆਨ ਡਾਇਰੈਕਟਰ ਆਰ ਕੇ ਜੇਨਾਮਣੀ ਨੇ ਕਿਹਾ ਕਿ ਇਕ ਹੋਰ ਪੱਛਮੀ ਗਡ਼ਬਡ਼ੀ ਦੀ ਸੰਭਾਵਨਾ ਬਣ ਰਹੀ ਹੈ। ਇਸਦੇ ਪ੍ਰਭਾਵ ਨਾਲ ਨਵੇਂ ਸਾਲ ਤੋਂ ਪਹਿਲਾਂ ਸੀਤ ਲਹਿਰ ਦੀ ਸੰਭਾਵਨਾ ਨਹੀਂ ਹੈ। ਇਸ ਤੋਂ ਇਲਾਵਾ ਪੰਜ ਜਨਵਰੀ ਤਕ ਤਾਪਮਾਨ ’ਚ ਵੀ ਜ਼ਿਆਦਾ ਗਿਰਾਵਟ ਦਾ ਸ਼ੱਕ ਨਹੀਂ ਹੈ ਕਿਉਂਕਿ ਜਦੋਂ ਤਕ ਪੱਛਮੀ ਗਡ਼ਬਡ਼ੀ ਆਏਗੀ, ਤਾਪਮਾਨ ਸਾਧਾਰਨ ਜਾਂ ਸਾਧਾਰਨ ਤੋਂ ਉੱਪਰ ਬਣਿਆ ਰਹੇਗਾ। ਦਿੱਲੀ ’ਚ ਅਗਲੇ ਦੋ ਤਿੰਨ ਦਿਨਾਂ ’ਚ ਘੱਟੋ ਘੱਟ ਤਾਪਮਾਨ ਨੌ ਤੋਂ 10 ਡਿਗਰੀ ਸੈਲਸੀਅਸ ਤਕ ਪਹੁੰਚ ਸਕਦਾ ਹੈ।

ਦਿੱਲੀ ’ਚ ਹਵਾ ਦੀ ਗੁਣਵੱਤਾ ’ਚ ਹੋਵੇਗਾ ਸੁਧਾਰ

ਜੇਨਾਮਣੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਦਿੱਲੀ ’ਚ ਹਵਾ ਦੀ ਗੁਣਵੱਤਾ ’ਚ ਸੁਧਾਰ ਹੋਵੇਗਾ।

ਧੁੰਦ ਤੋਂ ਵੀ ਰਾਸ਼ਟਰੀ ਰਾਜਧਾਨੀ ਨੂੰ ਮਿਲੇਗੀ ਰਾਹਤ

ਉਨ੍ਹਾਂ ਕਿਹਾ ਕਿ 26 ਜਾਂ 27 ਦਸੰਬਰ ਤੋਂ ਹਵਾ ਥੋਡ਼੍ਹੀ ਤੇਜ਼ ਹੋਵੇਗੀ ਜਿਸਦੇ ਪ੍ਰਭਾਵ ਨਾਲ ਉਸਦੀ ਗੁਣਵੱਤਾ ’ਚ ਸੁਧਾਰ ਹੋਵੇਗਾ। ਨਮੀ ’ਚ ਕਮੀ ਤੇ ਹਵਾ ’ਚ ਤੇਜ਼ੀ ਦੇ ਕਾਰਨ ਬਿਹਾਰ, ਉੱਤਰ ਪ੍ਰਦੇਸ਼, ਦਿੱਲੀ ਤੇ ਰਾਜਸਥਾਨ, ਪੰਜਾਬ ਤੇ ਹਰਿਆਣਾ ’ਚ ਅਗਲੇ ਪੰਜ ਸੱਤ ਦਿਨਾਂ ਤਕ ਧੁੰਦ ਦੀ ਸੰਭਾਵਨਾ ਨਹੀਂ ਹੈ, ਹਾਲਾਂਕਿ ਇਨ੍ਹੀਂ ਦਿਨੀਂ ਇਨ੍ਹਾਂ ਸੂਬਿਆਂ ’ਚ ਧੁੰਦ ਰਹਿੰਦੀ ਹੈ।

ਪੱਛਮੀ ਗਡ਼ਬਡ਼ੀ ਕੀ ਹੈ

ਪੱਛਮੀ ਗਡ਼ਬਡ਼ੀ ਭੂਮੱਧ ਸਾਗਰੀ ਖੇਤਰ ’ਚ ਪੈਦਾ ਹੋਣ ਵਾਲਾ ਇਕ ਤੂਫਾਨ ਹੈ, ਜਿਹਡ਼ਾ ਭਾਰਤੀ ਉਪ ਮਹਾਦਵੀਪ ਦੇ ਉੱਤਰ ਪੱਛਮੀ ਹਿੱਸਿਆਂ ’ਚ ਅਚਾਨਕ ਸਰਦੀਆਂ ’ਚ ਬਾਰਿਸ਼ ਲਿਆਉਂਦਾ ਹੈ, ਇਹ ਬਰਸਾਤ ਮੌਨਸੂਨ ਦੀ ਬਰਸਾਤ ਤੋਂ ਅਲੱਗ ਹੁੰਦੀ ਹੈ। ਆਉਣ ਵਾਲੇ ਤੂਫ਼ਾਨ ਜਾਂ ਘੱਟ ਦਬਾਅ ਵਾਲੇ ਖੇਤਰ ਭੂਮੱਧ ਸਾਗਰੀ ਖੇਤਰ, ਯੂਰਪ ਦੇ ਹੋਰਨਾਂ ਹਿੱਸਿਆਂ ਤੇ ਅਟਲਾਂਟਿਕ ਮਹਾਸਾਗਰ ’ਚ ਪੈਦਾ ਹੁੰਦੇ ਹਨ। ਭਾਰਤ ਦੇ ਸਬੰਧ ’ਚ ਇਹ ਪੱਛਮੀ ਦਿਸ਼ਾ ਤੋਂ ਆਉਂਦੇ ਹਨ, ਇਸ ਲਈ ਇਸਨੂੰ ਪੱਛਮੀ ਗਡ਼ਬਡ਼ੀ ਕਿਹਾ ਜਾਂਦਾ ਹੈ।

Posted By: Tejinder Thind