ਅਤੁਲ ਸ਼ੁਕਲਾ, ਜਬਲਪੁਰ : ਕੋਰੋਨਾ ਮਰੀਜ਼ਾਂ ਦੇ ਉਖੜਦੇ ਸਾਹ ਨੂੰ ਹੁਣ ਰੇਲਵੇ ਆਪਣਾ ਆਕਸੀਜਨ ਪਲਾਂਟ ਲਾ ਕੇ ਸਾਹ ਪ੍ਰਾਣ ਦੇਵੇਗਾ। ਇਸ ਲਈ ਪੂਰੇ ਦੇਸ਼ 'ਚ 17 ਰੇਲਵੇ ਜ਼ੋਨ 'ਚ ਬਣੇ ਕੇਂਦਰੀ ਹਸਪਤਾਲਾਂ ਨੂੰ ਨਿਸ਼ਾਨਦੇਹ ਕੀਤਾ ਗਿਆ ਹੈ। ਰੇਲਵੇ ਬੋਰਡ ਨੇ ਸਾਰੀਆਂ ਜ਼ੋਨਾਂ ਦੇ ਜਨਰਲ ਮੈਨੇਜਰਾਂ ਨੂੰ ਪਲਾਂਟ ਲਗਵਾਉਣ ਨੂੰ ਕਿਹਾ ਗਿਆ ਹੈ। ਕੰਮ 'ਚ ਤੇਜ਼ੀ ਲਈ ਪਲਾਂਟ ਲਗਵਾਉਣ ਨਾਲ ਜੁੜੇ ਅਧਿਕਾਰ ਵੀ ਉਨ੍ਹਾਂ ਨੂੰ ਸੌਂਪ ਦਿੱਤੇ ਗਏ ਹਨ। ਹਾਲੇ ਤਕ ਇਹ ਅਧਿਕਾਰ ਰੇਲਵੇ ਬੋਰਡ ਕੋਲ ਸਨ।

ਹਰੇਕ ਰੇਲਵੇ ਜ਼ੋਨ 'ਚ ਘੱਟੋ-ਘੱਟ ਦੋ ਆਕਸੀਜਨ ਪਲਾਂਟ ਲਾਉਣ ਦੀ ਤਿਆਰੀ ਹੈ। ਪਲਾਂਟ ਛੇਤੀ ਸ਼ੁਰੂ ਕਰਨ ਲਈ ਜ਼ੋਨ ਜਨਰਲ ਮੈਨੇਜਰਾਂ ਨੂੰ ਇਸ ਮਦ 'ਚ ਖ਼ਰਚੇ ਦੀ ਹੱਦ ਵੀ 50 ਲੱਖ ਰੁਪਏ ਤੋਂ ਵਧਾ ਕੇ ਦੋ ਕਰੋੜ ਰੁਪਏ ਕਰ ਦਿੱਤੀ ਗਈ ਹੈ। ਪਲਾਂਟ ਲਾਉਣ ਤੋਂ ਬਾਅਦ ਇਸ ਦਾ ਸੰਚਾਲਨ ਨਿੱਜੀ ਸੰਸਥਾਵਾਂ ਨੂੰ ਵੀ ਦਿੱਤਾ ਜਾ ਸਕਦਾ ਹੈ। ਪਲਾਂਟ ਤੋਂ ਰੇਲਵੇ ਪਹਿਲਾਂ ਆਪਣੇ ਹਸਪਤਾਲਾਂ 'ਚ ਆਕਸੀਜਨ ਦੀ ਸਪਲਾਈ ਕਰੇਗਾ। ਉਪਲੱਬਧ ਹੋਣ 'ਤੇ ਹੋਰ ਹਸਪਤਾਲਾਂ ਨੂੰ ਵੀ ਆਕਸੀਜਨ ਦਿੱਤੀ ਜਾ ਸਕੇਗੀ। ਜਬਲਪੁਰ ਦੇ ਰੇਲਵੇ ਦੇ ਕੇਂਦਰੀ ਹਸਪਤਾਲ 'ਚ ਹੀ 80 ਤੋਂ 90 ਲੱਖ ਰੁਪਏ ਦੀ ਲਾਗਤ ਨਾਲ ਆਕਸੀਜਨ ਪਲਾਂਟ ਲੱਗੇਗਾ। ਇਸ ਦੀ ਮਦਦ ਨਾਲ ਇਕ ਮਿੰਟ 'ਚ 400 ਕਿਲੋ ਲਿਕਵਿਡ ਆਕਸੀਜਨ ਬਣਾਈ ਜਾਵੇਗੀ। ਰੇਲ ਅਧਿਕਾਰੀਆਂ ਨੇ ਹਸਪਤਾਲ ਕੰਪਲੈਕਸ 'ਚ ਸਥਾਨ ਤੈਅ ਕਰ ਕੇ ਪਲਾਂਟ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਮਈ ਦੇ ਅੰਤ ਤਕ ਪਲਾਂਟ ਤਿਆਰ ਹੋ ਜਾਵੇਗਾ ਤੇ ਹਸਪਤਾਲ ਨੂੰ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।