ਨਵੀਂ ਦਿੱਲੀ (ਪੀਟੀਆਈ) : ਰੇਲਵੇ ਦੇਸ਼ ਭਰ ਵਿਚ ਆਪਣੀਆਂ ਜਾਇਦਾਦਾਂ ਦੀ ਸੁਰੱਖਿਆ ਲਈ ਸਾਬਕਾ ਫ਼ੌਜੀਆਂ ਨੂੰ ਨਿਯੁਕਤ ਕਰੇਗਾ। ਇਕ ਅਧਿਕਾਰਤ ਆਦੇਸ਼ 'ਚ ਉਕਤ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਰੇਲਵੇ ਬੋਰਡ ਨੇ ਜ਼ੋਨਾਂ ਦੇ ਜਨਰਲ ਮੈਨੇਜਰ ਨੂੰ ਇਸ ਗੱਲ ਦੇ ਅਧਿਕਾਰ ਦਿੱਤੇ ਹੋਏ ਹਨ ਕਿ ਜਿੱਥੇ ਆਰਪੀਐੱਫ ਜਵਾਨ ਤਾਇਨਾਤ ਨਾ ਹੋਣ ਉੱਥੇ ਸਹੂਲਤ ਅਨੁਸਾਰ ਸਰਕਾਰੀ ਸੁਰੱਖਿਆ ਏਜੰਸੀਆਂ ਜਿਵੇਂ ਹੋਮ ਗਾਰਡ ਤੇ ਮਹਾਰਾਸ਼ਟਰ ਉਦਯੋਗਿਕ ਸੁਰੱਖਿਆ ਬਲ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। 18 ਜੁਲਾਈ ਨੂੰ ਰੇਲਵੇ ਬੋਰਡ ਵੱਲੋਂ ਜਾਰੀ ਕੀਤੇ ਗਏ ਨਵੇਂ ਆਦੇਸ਼ ਮੁਤਾਬਕ ਸੈਨਿਕ ਕਲਿਆਣ ਬੋਰਡ ਜ਼ਰੀਏ ਹੁਣ ਰੇਲਵੇ ਜਾਇਦਾਦਾਂ ਦੀ ਸੁਰੱਖਿਆ ਲਈ ਸਾਬਕਾ ਫ਼ੌਜੀਆਂ ਨੂੰ ਵੀ ਨਿਯੁਕਤ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਜਨਰਲ ਮੈਨੇਜਰ ਇਨ੍ਹਾਂ ਨੂੰ ਗਰਮੀਆਂ ਦੌਰਾਨ, ਤਿਉਹਾਰਾਂ ਦੇ ਮੌਸਮ ਵਿਚ ਲੋੜ ਅਨੁਸਾਰ ਨਿਯੁਕਤ ਕਰ ਸਕਦੇ ਹਨ। ਅਧਿਕਾਰਤ ਅੰਕੜਿਆਂ ਅਨੁਸਾਰ 76,563 ਸੀ ਤੇ ਡੀ-ਪੱਧਰੀ ਆਰਪੀਐੱਫ ਤੇ ਆਰਪੀਐੱਸਐੱਫ (ਰੇਲਵੇ ਸੁਰੱਖਿਆ ਵਿਸ਼ੇਸ਼ ਬਲ) ਦੇ ਜਵਾਨ ਰੇਲਵੇ 'ਚ ਕੰਮ ਕਰ ਰਹੇ ਹਨ। ਇਹ ਪ੍ਰਵਾਨਿਤ ਗਿਣਤੀ ਤੋਂ 15 ਫ਼ੀਸਦੀ ਘੱਟ ਹਨ।