ਜਾਗਰਣ ਟੀਮ, ਨਵੀਂ ਦਿੱਲੀ : ਲਖੀਮਪੁਰ ਖੀਰੀ ਹਿੰਸਾ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦੇ ਰੇਲ ਰੋਕੋ ਦੇ ਸੱਦੇ ਨਾਲ ਰੇਲ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਨੇ ਉੱਤਰੀ ਰੇਲਵੇ ਦੇ ਆਵਾਜਾਈ ਖੇਤਰ 'ਚ ਪੰਜਾਬ, ਹਰਿਆਣਾ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ 'ਚ ਡੇਢ ਸੌ ਤੋਂ ਜ਼ਿਆਦਾ ਥਾਵਾਂ 'ਤੇ ਟ੍ਰੈਕ 'ਤੇ ਧਰਨਾ ਦਿੱਤਾ। ਉੱਤਰੀ ਰੇਲਵੇ ਦੀਆਂ ਕਰੀਬ 80 ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਕਿਸਾਨ ਜਥੇਬੰਦੀਆਂ ਦੇ ਅੰਦੋਲਨ ਕਾਰਨ ਓਡੀਸ਼ਾ 'ਚ ਭੁਬਨੇਸ਼ਵਰ ਸਮੇਤ ਕਈ ਜ਼ਿਲਿ੍ਹਆਂ 'ਚ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਹੋਈ। ਚੰਡੀਗੜ੍ਹ ਸ਼ਤਾਬਦੀ ਸਮੇਤ 25 ਟ੍ਰੇਨਾਂ ਰੱਦ ਕਰਨੀਆਂ ਪਈਆਂ। ਕਈ ਟ੍ਰੇਨਾਂ ਆਪਣੀ ਮੰਜ਼ਿਲ ਤਕ ਨਹੀਂ ਪਹੁੰਚ ਸਕੀਆਂ। ਵੰਦੇ ਭਾਰਤ ਸਮੇਤ ਕਈ ਟ੍ਰੇਨਾਂ ਦੇ ਰਵਾਨਾ ਹੋਣ ਦੇ ਸਮੇਂ 'ਚ ਬਦਲਾਅ ਕਰਨਾ ਪਿਆ। ਸ਼ਾਮ ਚਾਰ ਵਜੇ ਪ੍ਰਦਰਸ਼ਨਕਾਰੀਆਂ ਦੇ ਟ੍ਰੈਕ ਤੋਂ ਹਟਣ ਤੋਂ ਬਾਅਦ ਟ੍ਰੇਨਾਂ ਦੀ ਆਵਾਜਾਈ ਠੀਕ ਹੋ ਸਕੀ।

ਸੋਮਵਾਰ ਸਵੇਰੇ 10 ਵਜੇ ਤੋਂ ਪਹਿਲਾਂ ਦਿੱਲੀ ਤੋਂ ਰਵਾਨਾ ਹੋਈਆਂ ਕਈ ਟ੍ਰੇਨਾਂ ਨੂੰ ਵੱਖ-ਵੱਖ ਥਾਵਾਂ 'ਤੇ ਰੋਕਣਾ ਪਿਆ, ਕਿਉਂਕਿ ਪ੍ਰਦਰਸ਼ਨਕਾਰੀ ਕਈ ਥਾਵਾਂ 'ਤੇ ਟ੍ਰੈਕ 'ਤੇ ਕਬਜ਼ਾ ਕਰ ਕੇ ਬੈਠ ਗਏ ਸਨ। ਉੱਥੇ ਕਈ ਟ੍ਰੇਨਾਂ ਪੂਰੀ ਤਰ੍ਹਾਂ ਨਾਲ ਤੇ ਕਈ ਅੰਸ਼ਿਕ ਤੌਰ 'ਤੇ ਰੱਦ ਰਹੀਆਂ। ਇਸ ਕਾਰਨ ਜ਼ਰੂਰੀ ਕੰਮ ਨਾਲ ਸਫ਼ਰ ਕਰਨ ਵਾਲੇ ਯਾਤਰੀ ਪਰੇਸ਼ਾਨ ਰਹੇ। ਇਕ ਯਾਤਰੀ ਸੰਜੀਵ ਓਬਰਾਏ ਨੇ ਕਿਹਾ ਕਿ ਉਨ੍ਹਾਂ ਨੂੰ ਪਰਿਵਾਰ ਨਾਲ ਚੰਡੀਗੜ੍ਹ ਜਾਣਾ ਸੀ। ਪਿਛਲੇ ਮਹੀਨੇ ਹੀ ਕਨਫਰਮ ਟਿਕਟ ਲਈ ਸੀ ਪਰ ਪ੍ਰਦਰਸ਼ਨਕਾਰੀਆਂ ਕਾਰਨ ਉਨ੍ਹਾਂ ਦੀ ਟ੍ਰੇਨ ਰੱਦ ਹੋ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਅੰਦੋਲਨ ਦੇ ਨਾਂ 'ਤੇ ਵਾਰ-ਵਾਰ ਰੇਲ ਨੂੰ ਨਿਸ਼ਾਨਾ ਬਣਾਉਣਾ ਗ਼ਲਤ ਹੈ। ਇਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਰੇਲ ਪ੍ਰਸ਼ਾਸਨ ਨੂੰ ਇਸ ਨੂੰ ਲੈ ਕੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਇਸੇ ਤਰ੍ਹਾਂ ਬਠਿੰਡਾ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਜਾਣ ਵਾਲੇ ਹੋਰ ਯਾਤਰੀ ਵੀ ਪਰੇਸ਼ਾਨ ਰਹੇ।