ਨਵੀਂ ਦਿੱਲੀ (ਏਜੰਸੀ) : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਪੁੁੱਛਿਆ ਕਿ ਕੋਰੋਨਾ ਵਾਇਰਸ ਦੇ ਡੈਲਟਾ ਪਲੱਸ ਵੇਰੀਐਂਟ ਦੇ ਪਸਾਰ ਨੂੰ ਰੋਕਣ ਲਈ ਵੱਡੇ ਪੱਧਰ 'ਤੇ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਸਰਕਾਰ ਤੋਂ ਇਹ ਵੀ ਜਾਣਨਾ ਚਾਹਿਆ ਕਿ ਇਸ ਵੇਰੀਐਂਟ ਖ਼ਿਲਾਫ਼ ਵੈਕਸੀਨ ਕਿੰਨੀ ਕਾਰਗਰ ਹੈ।

ਰਾਹੁਲ ਗਾਂਧੀ ਨੇ ਟਵੀਟ ਕਰ ਕੇ ਇਹ ਵੀ ਜਾਣਨਾ ਚਾਹਿਆ ਕਿ ਸਰਕਾਰ ਕੋਰੋਨਾ ਬਾਰੇ ਕਦੋਂ ਤਕ ਪੂਰੀ ਜਾਣਕਾਰੀ ਮੁਹਈਆ ਕਰਵਾਏਗੀ। ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਰੋਕਣ ਲਈ ਸਰਕਾਰ ਨੇ ਕੀ ਯੋਜਨਾ ਬਣਾਈ ਹੈ।

ਜ਼ਿਕਰਯੋਗ ਹੈ ਕਿ ਡੈਲਟਾ ਪਲੱਸ ਵੇਰੀਐਂਟ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ 'ਵੇਰੀਐਂਟ ਆਫ ਕਨਸਰਨ' ਐਲਾਨ ਦਿੱਤਾ ਹੈ। ਇਸ ਕਾਰਨ ਦੇਸ਼ 'ਚ ਤੀਜੀ ਲਹਿਰ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਹਾਲਾਂਕਿ ਇਹ ਕਿੰਨੀ ਮਾਰੂ ਹੈ ਅਜੇ ਇਸ ਬਾਰੇ ਅਧਿਐਨ ਕੀਤਾ ਜਾ ਰਿਹਾ ਹੈ। ਫਿਲਹਾਲ ਇਨਫੈਕਸ਼ਨ ਦੇ ਮਾਮਲਿਆਂ 'ਚ ਲਗਾਤਾਰ ਕਮੀ ਆ ਰਹੀ ਹੈ।