ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਤੋਂ ਬਾਅਦ ਸਥਿਤੀ ਕਾਬੂ 'ਚ ਰੱਖਣ ਲਈ ਸਰਕਾਰ ਵੱਲੋਂ ਫਿਲਹਾਲ ਉੱਥੇ ਇੰਟਰਨੈੱਟ ਤੇ ਫੋਨ ਵਰਗੀਆਂ ਸੇਵਾਵਾਂ ਬੰਦ ਰੱਖੀਆਂ ਹੋਈਆਂ ਹਨ। ਉੱਥੇ ਹੀ ਕਿਸੇ ਸਿਆਸੀ ਆਗੂਆਂ ਨੂੰ ਕਸ਼ਮੀਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹੁਣ ਹਮਲਾਵਰ ਹੋ ਗਏ ਹਨ। ਜੰਮੂ-ਕਸ਼ਮੀਰ ਦੇ ਗਵਰਨਰ ਸੱਤਿਆਪਾਲ ਮਲਿਕ ਤੋਂ ਰਾਹੁਲ ਨੇ ਪੁੱਛਿਆ ਕਿ ਬਿਨਾਂ ਕਿਸੇ ਸ਼ਰਤ ਤੇ ਕਾਇਦੇ ਦੇ ਉਹ ਕਦੋਂ ਕਸ਼ਮੀਰ ਆ ਸਕਦੇ ਹਨ? ਉਨ੍ਹਾਂ ਸੱਤਿਆਪਾਲ ਮਲਿਕ ਨੂੰ ਟਵੀਟ ਕਰ ਇਹ ਸਵਾਲ ਕੀਤਾ ਹੈ।

ਦੱਸ ਦੇਈਏ ਕਿ ਮਲਿਕ ਨੇ ਕਿਹਾ ਸੀ ਕਿ ਜੇਕਰ ਰਾਹੁਲ ਗਾਂਧੀ ਕਸ਼ਮੀਰ ਆ ਕੇ ਇੱਥੇ ਦੇ ਹਾਲਾਤ ਦੇਖਣਾ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਨੂੰ ਭੇਜਣ ਲਈ ਤਿਆਰ ਹਨ। ਰਾਹੁਲ ਗਾਂਧੀ ਨੇ ਇਸ ਸੱਦੇ ਨੂੰ ਸਵੀਕਾਰ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਜੰਮੂ-ਕਸ਼ਮੀਰ 'ਚ ਘੁੰਮਣ ਤੇ ਲੋਕਾਂ ਨੂੰ ਮਿਲਣ ਦੀ ਆਜ਼ਾਦੀ ਚਾਹੀਦੀ ਹੈ।


ਰਾਹੁਲ ਦੇ ਇਸ ਜਵਾਬ ਤੋਂ ਬਾਅਦ ਸੱਤਿਆਪਾਲ ਮਲਿਕ ਨੇ ਸਫ਼ਾਈ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਕਦੇ ਕਸ਼ਮੀਰ ਆਉਣ ਦਾ ਸੱਦਾ ਨਹੀਂ ਦਿੱਤਾ। ਉੱਥੇ ਹੀ ਸਤਿਆਪਾਲ ਮਲਿਕ ਦਾ ਹਾਲੀਆ ਬਿਆਨ ਸਾਹਮਣੇ ਆਉਣ ਤੋਂ ਬਾਅਦ ਰਾਹੁਲ ਨੇ ਅੱਜ ਟਵੀਟ ਕਰਦੇ ਹੋਏ ਕਿਹਾ, 'ਮੇਰੇ ਟਵੀਟ 'ਤੇ ਤੁਹਾਡਾ ਕਮਜ਼ੋਰ ਜਵਾਬ ਮੈਂ ਦੇਖਿਆ। ਮੈਂ ਜੰਮੂ-ਕਸ਼ਮੀਰ ਆਉਣ ਦਾ ਤੁਹਾਡਾ ਸੱਦਾ ਸਵੀਕਾਰ ਕਰਦਾ ਹਾਂ ਤੇ ਉੱਥੇ ਦੇ ਲੋਕਾਂ ਨਾਲ ਮਿਲਾਂਗਾ ਜਦ ਕੋਈ ਸ਼ਰਤ ਨਹੀਂ ਹੋਵੇਗੀ। ਦੱਸੋ ਮੈਂ ਉੱਥੇ ਕਦੋਂ ਆ ਸਕਦਾ ਹਾਂ?'

ਰਾਹੁਲ ਨੇ ਕਸ਼ਮੀਰ ਮੁੱਦੇ 'ਤੇ ਤੇਜ਼ੀ ਨਾਲ ਸਰਗਰਮ ਹੋਣ ਤੋਂ ਬਾਅਦ ਹੁਣ ਦੇਸ਼ 'ਚ ਇਕ ਵਾਰ ਮੁੜ ਇਸ ਮੁੱਦੇ 'ਤੇ ਆਉਣ ਵਾਲੇ ਦਿਨਾਂ 'ਚ ਸਿਆਸਤ ਗਰਮਾ ਸਕਦੀ ਹੈ।

Posted By: Akash Deep