ਨਵੀਂ ਦਿੱਲੀ (ਏਜੰਸੀ) : ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਨਿਰਾਸ਼ਾ ਭਰੀ ਕਾਰਗੁਜ਼ਾਰੀ ’ਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਉਹ ਲੋਕ ਫ਼ਤਵਾ ਮਨਜ਼ੂਰ ਕਰਦੇ ਹਨ ਤੇ ਪਾਰਟੀ ਕਦਰਾਂ ਕੀਮਤਾਂ ਤੇ ਆਦਰਸ਼ਾਂ ਲਈ ਆਪਣੀ ਜੰਗ ਜਾਰੀ ਰੱਖੇਗੀ।

ਉਨ੍ਹਾਂ ਨੇ ਟਵੀਟ ਕੀਤਾ, ‘ਅਸੀਂ ਲੋਕ ਫ਼ਤਵਾ ਨਿਮਰਤਾ ਨਾਲ ਮਨਜ਼ੂਰ ਕਰਦੇ ਹਾਂ। ਆਪਣੇ ਵਰਕਰਾਂ ਤੇ ਸਾਨੂੰ ਸਮਰਥਨ ਦੇਣ ਵਾਲੇ ਲੱਖਾਂ ਲੋਕਾਂ ਦਾ ਧੰਨਵਾਦ। ਅਸੀਂ ਕਦਰਾਂ ਕੀਮਤਾਂ ਤੇ ਆਦਰਸ਼ਾਂ ਲਈ ਆਪਣੀ ਲਡ਼ਾਈ ਜਾਰੀ ਰੱਖਾਂਗੇ। ਜੈ ਹਿੰਦ।’

ਰਾਹੁਲ ਨੇ ਤਾਮਿਲਨਾਡੂ ’ਚ ਜਿੱਤ ਲਈ ਡੀਐੱਮਕੇ ਨੇਤਾ ਐੱਮਕੇ ਸਟਾਲਿਨ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੇ ਲੋਕਾਂ ਨੇ ਬਦਲਾਅ ਲਈ ਵੋਟ ਪਾਈ। ਅਸੀਂ ਤੁਹਾਡੀ (ਸਟਾਲਿਨ) ਅਗਵਾਈ ’ਚ ਲੋਕਾਂ ਦੇ ਭਰੋਸੇ ਨੂੰ ਸਹੀ ਸਾਬਿਤ ਕਰਾਂਗੇ। ਓਧਰ, ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੀ ਸ਼ਾਨਦਾਰ ਜਿੱਤ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਭਾਜਪਾ ਨੂੰ ਉਸ ਦੇ ਬਰਾਬਰ ਦੀ ਟੱਕਰ ਮਿਲੀ ਤੇ ਉਹ ਹਾਰ ਗਈ।

ਆਤਮ ਵਿਸ਼ਲੇਸ਼ਣ ਕਰਾਂਗੇ ਤੇ ਗ਼ਲਤੀਆਂ ਸੁਧਾਰਾਂਗੇ

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਲੋਕ ਫ਼ਤਵਾ ਸਵੀਕਾਰ ਕਰਦੀ ਹੈ ਤੇ ਉਹ ਇਸਦਾ ਵਿਸ਼ਲੇਸ਼ਣ ਕਰੇਗੀ ਤੇ ਗ਼ਲਤੀਆਂ ਸੁਧਾਰੇਗੀ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਰਾਸ਼ਟਰੀ ਪੱਧਰ ’ਤੇ ਕਾਂਗਰਸ ਹੀ ਇੱਕੋ ਇਕ ਮਜ਼ਬੂਤ ਬਦਲ ਹੈ।

ਸੁਰਜੇਵਾਲਾ ਨੇ ਕਿਹਾ ਕਿ ਅਸੀਂ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੂੰ ਪੂਰੀ ਨਿਮਰਤਾ ਤੇ ਜ਼ਿੰਮੇਵਾਰੀ ਨਾਲ ਸਵੀਕਾਰ ਕਰਦੇ ਹਾਂ। ਇਸ ਵਿਸ਼ੇ ’ਤੇ ਕੋਈ ਦੋਰਾਵਾਂ ਨਹੀਂ ਹੋ ਸਕਦੀਆਂ ਕਿ ਚੋਣ ਨਤੀਜੇ ਸਾਡੀਆਂ ਆਸਾਂ ਮੁਤਾਬਕ ਨਹੀਂ ਹਨ, ਖ਼ਾਸ ਤੌਰ ’ਤੇ ਅਸਾਮ ਤੇ ਕੇਰਲ ਦੇ ਚੋਣ ਨਤੀਜੇ ਸਾਡੇ ਲਈ ਚੁਣੌਤੀ ਭਰੇ ਵੀ ਹਨ ਤੇ ਆਸ ਦੇ ਉਲਟ ਵੀ। ਅਸੀਂ ਚੋਣ ਹਾਰੇ ਹਾਂ, ਪਰ ਨਾ ਹੀ ਹਿੰਮਤ ਹਾਰੀ, ਨਾ ਮਨੋਬਲ ਗੁਆਇਆ ਤੇ ਨਾ ਹੀ ਅੱਗੇ ਵਧਦੇ ਰਹਿਣ ਦਾ ਬਦਲ। ਕਾਂਗਰਸ ਇਨ੍ਹਾਂ ਚੋਣ ਨਤੀਜਿਆਂ ਦਾ ਪਾਰਟੀ ਮੰਚ ਵਿਧਾਨ ਸਭਾ ਵਾਰ ਵਿਸ਼ਲੇਸ਼ਣ ਕਰੇਗੀ ਤੇ ਜਿੱਥੇ ਜਿਹਡ਼ੀਆਂ ਵੀ ਕਮੀਆਂ ਰਹੀਆਂ ਹਨ, ਭਵਿੱਖ ਲਈ ਉਨ੍ਹਾਂ ਨੂੰ ਸੁਧਾਰ ਕੇ ਅਸੀਂ ਹੋਰ ਗੰਭੀਰਤਾ ਨਾਲ ਕੰਮ ਕਰਾਂਗੇ।

Posted By: Tejinder Thind