ਨਵੀਂ ਦਿੱਲੀ, ਜਾਗਰਣ ਬਿਊਰੋ : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੂਰਬੀ ਲੱਦਾਖ ਵਿਚ ਐਲਏਸੀ 'ਤੇ ਚੀਨੀ ਘੁਸਪੈਠ ਦੀ ਗੱਲ ਸਾਹਮਣੇ ਲਿਆਉਣ ਵਾਲੇ ਰੱਖਿਆ ਮੰਤਰਾਲੇ ਦੇ ਦਸਤਾਵੇਜ਼ ਵਿਚੋਂ ਕੁਝ ਅੰਸ਼ਾਂ ਨੂੰ ਹਟਾਉਣ ਲਈ ਸਰਕਾਰ 'ਤੇ ਸਖਤ ਹਮਲਾ ਬੋਲਿਆ ਹੈ। ਰਾਹੁਲ ਨੇ ਕਿਹਾ ਹੈ ਕਿ ਦਸਤਾਵੇਜ਼ਾਂ ਨੂੰ ਹਟਾ ਲੈਣ ਨਾਲ ਸੱਚ ਨਹੀਂ ਲੁਕਾਇਆ ਜਾ ਸਕਦਾ ਕਿ ਚੀਨ ਸਾਡੇ ਇਲਾਕੇ ਵਿੱਚ ਆ ਗਿਆ ਹੈ। ਚੀਨੀ ਘੁਸਪੈਠ ਬਾਰੇ ਰੱਖਿਆ ਮੰਤਰਾਲੇ ਦੀ ਸੰਬੰਧੀ ਇੱਕ ਟਵੀਟ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, "ਚੀਨ ਦੇ ਵਿਰੁੱਧ ਖੜ੍ਹੇ ਹੋਣਾ ਭੁੱਲ ਜਾਓ, ਭਾਰਤ ਦੇ ਪ੍ਰਧਾਨ ਮੰਤਰੀ ਵਿੱਚ ਇਨ੍ਹਾ ਹੌਂਸਲਾ ਨਹੀਂ ਕਿ ਉਹ ਉਸ਼ਦਾ ਨਾਮ ਵੀ ਲੈਣ। ਵੈਬਸਾਈਟ ਤੋਂ ਦਸਤਾਵੇਜ਼ਾਂ ਹਟਾ ਲੈਣ ਨਾਲ ਇਸ ਤੱਥ ਨੂੰ ਨਹੀਂ ਬਦਲੀਆ ਜਾ ਸਕਦਾ ਕਿ ਚੀਨ ਸਾਡੇ ਖੇਤਰ ਵਿੱਚ ਦਾਖਲ ਹੋ ਚੁੱਕਾ ਹੈ।"

ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ ‘ਤੇ ਗੁੰਮਰਾਹ ਕਰਨ ਦਾ ਲਾਇਆ ਦੋਸ਼

ਰਾਹੁਲ ਨੇ ਟਵੀਟ ਤੋਂ ਇਲਾਵਾ ਬਿਹਾਰ ਦੇ ਕਾਂਗਰਸ ਨੇਤਾਵਾਂ ਨਾਲ ਵੀਰਵਾਰ ਨੂੰ ਵਰਚੁਅਲ ਗੱਲਬਾਤ ਕਰਦਿਆਂ ਚੀਨੀ ਘੁਸਪੈਠ ਬਾਰੇ ਪ੍ਰਧਾਨ ਮੰਤਰੀ ਉੱਤੇ ਝੂਠ ਬੋਲਣ ਦਾ ਦੋਸ਼ ਲਾਇਆ। ਵਰਚੁਅਲ ਗੱਲਬਾਤ ਦੌਰਾਨ ਰਾਹੁਲ ਨੇ 19 ਜੂਨ ਨੂੰ ਸਰਬ ਪਾਰਟੀ ਬੈਠਕ ਵਿਚ ਪ੍ਰਧਾਨ ਮੰਤਰੀ ਦੇ ਇਸ ਬਿਆਨ ਕਿ ‘ਸਾਡੀ ਸਰਹੱਦ ਵਿਚ ਨਾ ਕੋਈ ਵੜੀਆ ਹੈ, ਨਾ ਵੜੀਆ ਹੋਇਆ ਹੈ ਤੇ ਨਾ ਹੀ ਸਾਡੀ ਕੋਈ ਪੋਸਟ ਕਿਸੇ ਦੇ ਕਬਜੇ ਵਿੱਚ ਹੈ।’ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਸਾਫ ਹੋ ਗਿਆ ਹੈ ਕਿ ਪੀਐੱਮ ਨੇ ਦੇਸ਼ ਨੂੰ ਗੁੰਮਰਾਹ ਕੀਤਾ ਸੀ।

ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ

ਬਿਹਾਰ ਕਾਂਗਰਸ ਦੀ ਵਰਚੁਅਲ ਸੰਵਾਦ ਰੈਲੀ ਵਿੱਚ ਸ਼ਾਮਲ ਪਾਰਟੀ ਦੇ ਸੀਨੀਅਰ ਆਗੂ ਤਾਰਿਕ ਅਨਵਰ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਮਈ ਵਿੱਚ ਚੀਨੀ ਘੁਸਪੈਠ ਦਾ ਮਾਮਲਾ ਉਠਾਇਆ ਤਾਂ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ। ਰਾਹੁਲ ਨੇ ਇਹ ਸਵਾਲ ਵੀ ਉਠਾਇਆ ਕਿ ਸਰਕਾਰ ਘੁਸਪੈਠ ਦੇ ਮਾਮਲੇ ਨੂੰ ਨਕਾਰਦੀ ਰਹੀ ਹੈ, ਤਾਂ ਫਿਰ 16ਵੀਂ ਬਿਹਾਰ ਰੈਜੀਮੈਂਟ ਦੇ 20 ਬਹਾਦਰ ਸੈਨਿਕਾਂ ਦੀ ਸ਼ਹਾਦਤ ਭਾਰਤੀ ਖੇਤਰ ਵਿਚ ਨਹੀਂ ਹੋਈ। ਰਾਹੁਲ ਨੇ ਸੂਬਾ ਕਾਂਗਰਸ ਨੇਤਾਵਾਂ ਨੂੰ ਲੱਦਾਖ ਵਿਚ ਚੀਨੀ ਘੁਸਪੈਠ ਦੀ ਸੱਚਾਈ ਨੂੰ ਲੁਕਾਉਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਦੇਸ਼ ਨੂੰ ਹੋਏ ਨੁਕਸਾਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਕਿਹਾ।

Posted By: Tejinder Thind